ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਅਗਸਤ
ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਮਾਸਟਰ ਕਾਡਰ ਦੀਆਂ ਅਸਾਮੀਆਂ ਦੀ ਭਰਤੀ ਪ੍ਰੀਖਿਆ ਵਿੱਚ ਉਤਰ ਸੂਚੀ ਵਿੱਚ ਗਲਤੀਆਂ ਤੇ ਇਤਰਾਜ਼ ਲਾਉਣ ਵਾਲੇ ਉਮੀਦਵਾਰਾਂ ਕੋਲੋਂ ਇਤਰਾਜ਼ ਫੀਸ ਵਸੂਲਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ।
ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਇਸੇ ਵਰ੍ਹੇ ਵਿਧਾਨ ਸਭਾ ਚੋਣਾਂ ਦਾ ਜ਼ਾਬਤਾ ਲੱਗਣ ਵਾਲੇ ਦਿਨ ਮਾਸਟਰ ਕਾਡਰ ਦੀਆਂ ਪ੍ਰਕਾਸ਼ਿਤ 4161 ਪੋਸਟਾਂ ਲਈ ਸਿੱਖਿਆ ਵਿਭਾਗ ਵੱਲੋਂ ਪ੍ਰਤੀ ਉਮੀਦਵਾਰ ਇੱਕ ਹਜ਼ਾਰ ਰੁਪਏ ਫ਼ੀਸ ਲੈਣ ਤੋਂ ਬਾਅਦ ਬੀਤੀ 21 ਅਗਸਤ ਨੂੰ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀ ਅਸਾਮੀ ਲਈ ਭਰਤੀ ਪ੍ਰੀਖਿਆ ਲਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪ੍ਰੀਖਿਆਵਾਂ ਦੀਆਂ ਜਨਤਕ ਕੀਤੀਆਂ ਗਲਤੀਆਂ ਨਾਲ ਭਰਪੂਰ ਉੱਤਰ ਸੂਚੀਆਂ ਤੇ ਸਹੀ ਉੱਤਰ ਲਈ ਇਤਰਾਜ਼ ਲਾਉਣ ਵਾਲੇ ਪ੍ਰਤੀ ਉਮੀਦਵਾਰ ਇਤਰਾਜ਼ ਲਈ ਪੰਜਾਹ ਰੁਪਏ ਦੀ ਵਾਧੂ ਫੀਸ ਅਦਾ ਕਰਨ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਇਹ ਫੈਸਲੇ ਵਿਭਾਗ ਨੇ ਬੇਰੁਜ਼ਗਾਰਾ ਤੇ ਨਵਾਂ ਆਰਥਿਕ ਭਾਰ ਪਾਇਆ ਗਿਆ ਹੈ। ਡੀਟੀਐੱਫ ਆਗੂਆਂ ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਗੁਰਦੇਵ ਸਿੰਘ ਤੇ ਹਰਜਾਪ ਸਿੰਘ ਬੱਲ ਨੇ ਦੱਸਿਆ ਕਿ ਪੰਜਾਬੀ ਦੀਆਂ 534 ਅਤੇ ਸਮਾਜਿਕ ਸਿੱਖਿਆ ਦੀਆਂ 633 ਪੋਸਟਾਂ ਲਈ ਹੋਏ ਪੇਪਰਾਂ ਸਬੰਧੀ 24 ਅਗਸਤ ਨੂੰ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਦੀ ਸਾਈਟ ਉੱਤੇ ਉੱਤਰਾਂ ਦੀ ਸੂਚੀ ਪਾ ਕੇ ਇਤਰਾਜ਼ ਮੰਗੇ ਗਏ ਹਨ। ਉਨ੍ਹਾਂ ਨੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਉਹ ਆਪਣੀ ਉੱਤਰ ਸੂਚੀ ਨੂੰ ਸਹੀ ਕਰ ਕੇ ਦੁਬਾਰਾ ਜਨਤਕ ਕਰਨ ਅਤੇ ਪੰਜਾਹ ਰੁਪਏ ਦੀ ਫੀਸ ਲਗਾਉਣ ਦੇ ਗ਼ੈਰਵਾਜਬ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।