ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 8 ਜੁਲਾਈ
ਥੀਏਟਰ ਫੈਸਟੀਵਲ ਦੇ ਆਖਰੀ ਦਿਨ ਹੈਨਰਿਕ ਇਬਸਨ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਦੁਸ਼ਮਣ’ ਦਾ ਵਿਰਸਾ ਵਿਹਾਰ ਵਿੱਚ ਸਫ਼ਲਤਾਪੂਰਵਕ ਮੰਚਨ ਕੀਤਾ ਗਿਆ। ਵਿਸ਼ਵ ਪ੍ਰਸਿੱਧ ਨਾਟਕਕਾਰ ਹੈਨਰਿਕ ਇਬਸਨ ਦੇ ਨਾਟਕ ‘ਐਨ ਐਨਮੀ ਆਫ਼ ਦਾ ਪੀਪਲਜ਼’ ’ਤੇ ਆਧਾਰਿਤ ਨਾਟਕ ‘ਦੁਸ਼ਮਣ’ ਦੀ ਪੇਸ਼ਕਾਰੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਕੀਤੀ ਗਈ, ਜਿਸ ਦਾ ਪੰਜਾਬੀ ਰੂਪ ਪ੍ਰੋ. ਮੋਹਨ ਸਿੰਘ, ਸ਼ਾਹਿਦ ਨਦੀਮ ਅਤੇ ਸ੍ਰੀ ਦਵਿੰਦਰ ਪਾਲ ਨੇ ਤਿਆਰ ਕੀਤਾ ਹੈ। ਨਾਟਕ ਅੱਜ ਦੇ ਸਮਿਆਂ ਦੀ ਕਹਾਣੀ ਹੈ, ਜਦੋਂ ਧਰਤੀ ਹੇਠਲਾ ਪਾਣੀ ਵੀ ਖ਼ਤਮ ਹੋ ਰਿਹਾ ਤੇ ਪ੍ਰਦੂਸ਼ਤ ਵੀ ਹੋ ਰਿਹਾ, ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਪਰ ਸਿਆਸਤਦਾਨ ਆਪਣੀ ਸਿਆਸਤ ਨੂੰ ਚਮਕਾਉਣ ਲਈ, ਉਨ੍ਹਾਂ ਲੋਕਾਂ ਨੂੰ ‘ਦੁਸ਼ਮਣ’ ਬਣਾ ਕੇ ਪੇਸ਼ ਕਰ ਦਿੰਦੇ ਨੇ, ਜੋ ਇਨ੍ਹਾਂ ਪ੍ਰਦੂਸ਼ਣਾਂ ਦੀ ਜੜ੍ਹ ਵੱਲ ਇਸ਼ਾਰਾ ਕਰਦੇ ਹਨ। ਨਾਟਕ ਵਿੱਚ ਇੱਕ ਸਾਇੰਸਦਾਨ ਡਾਕਟਰ ਅਤੇ ਉਸ ਦੇ ਸਿਆਸਤਦਾਨ ਭਰਾ ਵਿਚਾਲੇ ਟਕਰਾਅ ਦੀ ਕਹਾਣੀ ਹੈ, ਇਨ੍ਹਾਂ ਕਿਰਦਾਰਾਂ ਨੂੰ ਰੰਗਮੰਚ ਅਦਾਕਾਰ ਗੁਰੇਤਜ ਮਾਨ ਅਤੇ ਅਮਨਸ਼ੇਰ ਸਿੰਘ ਨੇ ਬਾਖੂਬੀ ਨਿਭਾਇਆ। ਕਲਾਕਾਰਾਂ ਵਿੱਚ ਰਾਜਬੀਰ ਕੌਰ, ਮਨਦੀਪ ਘਈ, ਸਾਜਨ ਕੋਹਿਨੂਰ, ਵਿਕਾਸ ਜੋਸ਼ੀ, ਹਰਪ੍ਰੀਤ ਸਿੰਘ, ਗੁਰਦਿਤਪਾਲ ਸਿੰਘ, ਰਾਜਿੰਦਰ ਬੁਲਟ ਅਤੇ ਜਸ਼ਨ ਸਿੰਘ ਨੇ ਵੀ ਆਪਣੇ ਕਿਰਦਾਰ ਬਾਖੂਬੀ ਨਿਭਾਇਆ। ਸੰਗੀਤ ਅਤੇ ਲਾਈਟ ਉਪਰ ਨੀਰਜ ਕੁਮਾਰ, ਹੇਮੰਤ ਕੁਮਾਰ ਅਤੇ ਕੌਸ਼ਲ ਜੈਸਵਾਨੀ ਨੇ ਸਾਥ ਦਿੱਤਾ। ਅੱਜ ਵੀ ਨਾਟਕ ਵੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।