ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਅਗਸਤ
ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਦੇ 13 ਵਿਧਾਇਕਾਂ ਦੀ ਭਰੋਸਾ ਕਮੇਟੀ ਵੱਲੋਂ ਲਾਇਬ੍ਰੇਰੀ ਦੇ ਡਿਜੀਟਾਈਜੇਸ਼ਨ ਅਤੇ ਆਟੋਮੇਸ਼ਨ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਦਾ ਦੌਰਾ ਕੀਤਾ ਗਿਆ। ਕਮੇਟੀ ਮੈਂਬਰਾਂ ਵੱਲੋਂ ਲਾਇਬ੍ਰੇਰੀ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕੀਤਾ ਗਿਆ । ਇਸ ਮੌਕੇ ਡਾ. ਅਮਿਤ ਕੌਟਸ, ਪ੍ਰੋਫ਼ੈਸਰ ਇੰਚਾਰਜ (ਲਾਇਬ੍ਰੇਰੀ) ਅਤੇ ਸਰਬਜੀਤ ਸਿੰਘ, ਸਿਸਟਮ ਐਡਮਿਨਿਸਟ੍ਰੇਟਰ ਵੱਲੋਂ ਲਾਇਬ੍ਰੇਰੀ ਦੇ ਡਿਜੀਟਾਈਜੇਸ਼ਨ ਅਤੇ ਆਟੋਮੇਸ਼ਨ ਪ੍ਰਾਜੈਕਟ ਬਾਰੇ ਜਾਣਕਾਰੀ ਦਿਤੀ ਗਈ। ਕਮੇਟੀ ਮੈਂਬਰਾਂ ਨੇ ਦੁਰਲੱਭ ਪੁਸਤਕਾਂ ਅਤੇ ਹੱਥ-ਲਿਖਤਾਂ ਦੇ ਭਾਗ ਦਾ ਵੀ ਜਾਇਜ਼ਾ ਲਿਆ ਅਤੇ ਇਨ੍ਹਾਂ ਨੂੰ ਸੰਭਾਲਣ ਦੇ ਤਰੀਕਿਆਂ ਦੀ ਸ਼ਲਾਘਾ ਕੀਤੀ। ਫਿਰ ਕਮੇਟੀ ਮੈਂਬਰ ਸੈਮੀਨਾਰ ਕਮ ਓਰੀਐਂਟੇਸ਼ਨ ਹਾਲ ਗਏ। ਸਰਬਜੀਤ ਸਿੰਘ ਸਿਸਟਮ ਐਡਮਿਨਿਸਟ੍ਰੇਟਰ ਨੇ ਭਾਈ ਗੁਰਦਾਸ ਲਾਇਬ੍ਰੇਰੀ ਬਾਰੇ ਜਾਣਕਾਰੀ ਦਿੱਤੀ।