ਅੰਮ੍ਰਿਤਸਰ (ਪੱਤਰ ਪ੍ਰੇਰਕ): ਪੰਜਾਬ ਤੋਂ ਰਾਜ ਸਭਾ ਚੋਣਾਂ ਲਈ ਗੈਰ-ਸਿੱਖਾਂ ਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਉਮੀਦਵਾਰ ਵਜੋਂ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਨਾਮਜ਼ਦਗੀ ’ਤੇ ਟਿੱਪਣੀ ਕਰਦਿਆਂ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ‘ਆਪ’ ਦੇ ਹੱਕ ’ਚ ਵੱਡਾ ਫ਼ਤਵਾ ਦੇਣ ਵਾਲੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਨਾ ਕੇਵਲ ਖੇਡ ਰਿਹਾ ਹੈ ਸਗੋਂ ਉਨ੍ਹਾਂ ਦੇ ਪਿੱਠ ’ਚ ਛੁਰਾ ਮਾਰਦਿਆਂ ਵੱਡਾ ਧ੍ਰੋਹ ਕਮਾਇਆ ਹੈ।ਇਸੇ ਦੌਰਾਨ ਭਾਜਪਾ ਅੰਮ੍ਰਿਤਸਰ ਦੇ ਪ੍ਰਧਾਨ ਸੁਰੇਸ਼ ਮਹਾਜਨ ਨੇ ਪੰਜਾਬ ਲਈ ਪੰਜਾਬ ਤੋਂ ਬਾਹਰ ਰਹਿਣ ਵਾਲਿਆਂ ਨੂੰ ‘ਆਪ’ ਵੱਲੋਂ ਰਾਜ ਸਭਾ ਲਈ ਮੈਂਬਰ ਨਾਮਜ਼ਦ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਕੇਜਰੀਵਾਲ ਦੇ ਦਿੱਲੀ ਮਾਡਲ ਵੱਲੋਂ ਪੰਜਾਬ ਨੂੰ ਦਿਨ-ਦਿਹਾੜੇ ਠੱਗ ਲਏ ਜਾਣ ’ਤੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਸਿਸਟਮ ਬਦਲਣ ਦੀਆਂ ਗੱਲਾਂ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ ਬਾਸਰਕੇ ਨੇ ਕੇਜਰੀਵਾਲ ਦੀ ਪੰਜਾਬ ਵਿਰੋਧੀ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਪੰਜ ਉਮੀਦਵਾਰਾਂ ਵਿੱਚੋਂ ਤਿੰਨ ਗੈਰ ਪੰਜਾਬੀ ਹਨ।