ਮਨਮੋਹਨ ਸਿੰਘ ਢਿੱਲੋਂ
ਅੱਮ੍ਰਿਤਸਰ, 30 ਜੁਲਾਈ
ਖੇਡਾਂ ਤੇ ਯੁਵਕ ਸੇਵਾਵਾਂ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 20 ਸੀਟਾਂ ਦਾ ਰਿਹਾਇਸ਼ੀ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸੈਂਟਰ ਦੇਣ ਦਾ ਐਲਾਨ ਕੀਤਾ ਹੈ। ਉਹ ਅੱਜ ਇੱਥੇ ਯੂਨੀਵਰਸਿਟੀ ਵਿੱਚ 500 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਵਾਲੀ ਬਣੀ ਸਪੋਰਟਸ ਗੈਲਰੀ ਦਾ ਉਦਘਾਟਨ ਕਰਨ ਪੁੱਜੇ ਸਨ। ਇਸ ਵਿੱਚ ਦੋ ਬਾਥਰੂਮ, ਦੋ ਚੈਂਜਿੰਗ ਰੂਮ, ਦਫਤਰ ਅਤੇ ਸਟੋਰ ਸ਼ਾਮਿਲ ਹਨ। 71 ਲੱਖ ਦੀ ਲਾਗਤ ਨਾਲ ਬਣੇ ਇਸ ਕੰਪਲੈਕਸ ਦੇ ਉਦਘਾਟਨ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਨੂੰ ਲੋੜ ਅਨੁਸਾਰ ਸਹੂਲਤਾਂ ਦੇਣ ਜਾ ਰਹੀ ਹੈ। ਉਨ੍ਹਾਂ ਯੂਨੀਵਰਸਿਟੀ ਦੇ ਖੇਡਾਂ ’ਚ ਪਾਏ ਗਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਕੰਪਲੈਕਸ ਵਿੱਚ 20 ਸਾਈਕਲਿਸਟ ਖਿਡਾਰੀਆਂ ਲਈ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਸੈਂਟਰ ਸਥਾਪਿਤ ਕਰਨ ਵਾਸਤੇ ਸਬੰਧਿਤ ਵਿਭਾਗ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਜਿਸ ਵਿੱਚ ਉਨ੍ਹਾਂ ਦੇ ਰਹਿਣ ਤੋਂ ਇਲਾਵਾ ਖੇਡਾਂ ਦਾ ਸਾਜ਼ੋ-ਸਾਮਾਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਜਾਵੇਗੀ ਕਿ ਯੂਨੀਵਰਸਿਟੀ ਕੈਂਪਸ ਦੇ ਇਸ ਵੈਲੋਡਰੋਮ ਨੂੰ ਸੈਂਟਰ ਆਫ ਐਕਸੀਲੈਂਸ ਦਾ ਦਰਜਾ ਦਿੱਤਾ ਜਾਵੇ, ਕਿਉਕਿ ਇਸ ਸਮੇਂ ਬਰਮਿੰਘਮ ’ਚ ਹੋ ਰਹੀਆਂ ਕਾਮਨਵੈਲਥ ਖੇਡਾਂ 2022 ਵਿੱਚ ਇਸ ਸਮੇਂ ਯੂਨੀਵਰਸਿਟੀ ਦੇ 6 ਸਾਈਕਲਿਸਟ ਅਤੇ ਹੋਰ ਅੰਤਰਰਾਸ਼ਟਰੀ ਖੇਡਾਂ ਵਿੱਚ 25 ਖਿਡਾਰੀ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਤੇ ਹੋਰ ਪਤਵੰਤੇ ਹਾਜ਼ਰ ਸਨ।
ਮੀਤ ਹੇਅਰ ਵੱਲੋਂ ਵਿਕਾਸ ਕੰਮਾਂ ਦੀ ਸਮੀਖਿਆ
ਅੰਮ੍ਰਿਤਸਰ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਜਿਨ੍ਹਾਂ ਨੂੰ ਅੰਮ੍ਰਿਤਸਰ ਤੇ ਤਰਨ ਤਾਰਨ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਵੱਲੋਂ ਸੌਂਪੀ ਗਈ ਹੈ, ਨੇ ਆਪਣੀ ਪਲੇਠੀ ਮੀਟਿੰਗ ਵਿੱਚ ਜ਼ਿਲ੍ਹਾ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਆਪਣੇ ਜ਼ਿਲ੍ਹੇ ਲਈ ਲਾਮਿਸਾਲ ਕੰਮ ਕਰਨ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੁਲੀਸ ਨਸ਼ੇ ਤੇ ਚੋਰੀਆਂ ਰੋਕੇ, ਕਾਰਪੋਰੇਸ਼ਨ ਸ਼ਹਿਰਾਂ ਦੀ ਸਾਫ-ਸਫਾਈ ਵੱਲ ਧਿਆਨ ਦੇਵੇ ਤੇ ਪਿੰਡਾਂ ਵਿੱਚ ਕੰਮ ਕਰਦੇ ਵਿਭਾਗ ਸਰਕਾਰੀ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ੇ ਰੋਕਣ ਲਈ ਕੰਮ ਕਰਨ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਜੋ ਵੀ ਆਦੇਸ਼ ਪ੍ਰਾਪਤ ਹੋਣਗੇ, ਸਾਰੇ ਅਧਿਕਾਰੀ ਉਸ ਉੱਤੇ ਇਮਾਨਦਾਰੀ ਨਾਲ ਕੰਮ ਕਰਨਗੇ।