ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਅਗਸਤ
ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੀਟੀ ਰੋਡ ਦੇ ਬਾਰ੍ਹਵੀਂ ਅਤੇ ਦਸਵੀਂ ਜਮਾਤ ਦੇ ਸੀ.ਬੀ.ਐੱਸ.ਸੀ ਬੋਰਡ ਦੀ ਪ੍ਰੀਖਿਆ ਵਿਚ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਹਿੱਤ ਸਨਮਾਨ ਸਮਾਗਮ ਕਰਵਾਇਆ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੀ ਪ੍ਰਧਾਨਗੀ ਹੇਠ ਹੋਏ, ਇਸ ਪ੍ਰੋਗਰਾਮ ਵਿਚ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਮੁੱਖ ਮਹਿਮਾਨ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਜੁਗਰਾਜ ਸਿੰਘ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ, ਅਧਿਆਪਕਾਂ ਅਤੇ ਬੱਚਿਆਂ ਵੱਲੋਂ ਵਿਸ਼ੇਸ਼ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ। ਡਾ. ਧਰਮਵੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਦੀਆ ਮਿੱਤਲ ਨੇ 99 ਫ਼ੀਸਦ ਅੰਕ ਪ੍ਰਾਪਤ ਕਰਕੇ ਸਿਟੀ ਟੌਪਰ ਹੋਣ ਦਾ ਮਾਣ ਹਾਸਲ ਕੀਤਾ ਹੈ। ਦਸਵੀਂ ਜਮਾਤ ਦੇ ਵਿਦਿਆਰਥੀ ਅਮਿਤੇਜ ਕਰਨ ਸਿੰਘ ਨੇ 98 ਫ਼ੀਸਦ, ਸਹਿਜਪ੍ਰੀਤ ਸਿੰਘ ਨੇ ਸੀਏ ਪ੍ਰੀਖਿਆ ’ਚ ਜ਼ਿਲ੍ਹੇ ’ਚੋਂ ਚੰਗਾ ਦਰਜਾ ਹਾਸਲ ਕੀਤਾ।