ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਜੂਨ
ਕਿਸੇ ਪੁਰਾਣੇ ਮਾਮਲੇ ਨੂੰ ਲੈ ਕੇ ਪੁਲੀਸ ਥਾਣੇ ਵਿੱਚ ਦਰਜ ਕੇਸ ਵਾਪਸ ਲੈਣ ਤੋਂ ਨਾਂਹ ਕਰਨ ’ਤੇ ਕੁਝ ਵਿਅਕਤੀਆਂ ਨੇ ਮਨਪ੍ਰੀਤ ਸਿੰੰਘ ਨਾਂ ਦੇ ਨੌਜਵਾਨ ਉਪਰ ਤੇਜ਼ਾਬ ਸੁੱਟ ਦਿੱਤਾ ਜੋ ਉਸਦੇ ਕੱਪੜਿਆਂ ਅਤੇ ਪੈਰਾਂ ’ਤੇ ਪੈ ਗਿਆ ਪਰ ਉਸ ਨੇ ਦੌੜ ਕੇ ਆਪਣੀ ਜਾਨ ਬਚਾ ਲਈ।
ਇਸ ਸਬੰਧੀ ਥਾਣਾ ਗੇਟ ਹਕੀਮਾਂ ਦੀ ਪੁਲੀਸ ਨੇ ਸੰਨੀ ਅਤੇ ਜਗਤਾਰ ਸਿੰਘ ਪ੍ਰਧਾਨ ਨਾਂ ਦੇ ਦੋ ਵਿਅਕਤੀਆਂ ਅਤੇ 2 ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕਰਦਿਆਂ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 323, 341, 326ਬੀ, 506 ਅਤੇ 34 ਹੇਠ ਕੇਸ ਦਰਜ ਕੀਤਾ ਹੈ ਪਰ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਇਸ ਸਬੰਧੀ ਪੀੜਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਸਕੂਟਰ ’ਤੇ ਕਿਸੇ ਕੰਮਲਈ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਅਜੇ ਉਹ ਘਰ ਤੋਂ ਕੁਝ ਦੂਰੀ ’ਤੇ ਹੀ ਪੁੱਜਾ ਸੀ ਕਿ ਰਾਹ ਵਿੱਚ ਖੜ੍ਹੇ ਇਨ੍ਹਾਂ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਲਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਉਸ ਨੂੰ ਪਹਿਲਾਂ ਦਰਜ ਕਰਵਾਇਆ ਹੋਇਆ ਕੇਸ ਵਾਪਸ ਲੈਣ ਲਈ ਆਖਿਆ ਪਰ ਉਸ ਨੇ ਕੇਸ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ। ਪੀੜਤ ਨੇ ਦੋਸ਼ ਲਾਇਆ ਕਿ ਕਥਿਤ ਦੋਸ਼ੀਆਂ ਨੇ ਇਸ ਦੌਰਾਨ ਉਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਵੀ ਦਿੱਤੀ।
ਇਸ ਦੌਰਾਨ ਇੱਕ ਵਿਅਕਤੀ ਨੇ ਉਸ ਵੱਲ ਤੇਜ਼ਾਬ ਸੁੱਟਿਆ ਜੋ ਕਿ ਉਸਦੇ ਕੱਪੜਿਆਂ ਅਤੇ ਪੈਰਾਂ ’ਤੇ ਪਿਆ ਪਰ ਉਸਨੇ ਤੇਜ਼ੀ ਨਾਲ ਆਪਣਾ ਸਕੂਟਰ ਭਜਾ ਕੇ ਆਪਣੀ ਜਾਨ ਬਚਾ ਲਈ। ਉਸ ਨੇ ਦੱਸਿਆ ਕਿ ਪਹਿਲਾ ਵੀ ਕਥਿਤ ਦੋਸ਼ੀਆਂ ਖਿਲਾਫ਼ ਲੜਾਈ ਸਬੰਧੀ ਹੀ ਕੇੇਸ ਦਰਜ ਹੈ। ਐੱਸਆਈ ਦਿਲਬਾਗ ਸਿੰਘ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।