ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸ਼ਹਿਰ ’ਚ ਅੱਜ ਸਵੇਰੇ ਪਏ ਮੋਹਲੇਧਾਰ ਮੀਂਹ ਨੇ ਜਲਥਲ ਕਰ ਦਿੱਤੀ ਹੈ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸਵੇਰੇ ਪਹਿਲਾਂ ਮੌਸਮ ਸਾਫ਼ ਸੀ ਪਰ ਕਾਲੇ ਸੰਘਣੇ ਬੱਦਲ ਆਏ ਅਤੇ ਦਸ ਵਜੇ ਤੋਂ ਬਾਅਦ ਲਗਾਤਾਰ ਮੀਂਹ ਪਿਆ। ਲਗਪਗ ਡੇਢ-ਦੋ ਘੰਟੇ ਲਗਾਤਾਰ ਮੋਹਲੇਧਾਰ ਮੀਂਹ ਪਿਆ ਜਿਸ ਨਾਲ ਸ਼ਹਿਰ ’ਚ ਜਲਥਲ ਹੋ ਗਿਆ। ਕਈ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਜਿਸ ਦੀ ਸ਼ਾਮ ਤੱਕ ਨਿਕਾਸੀ ਨਹੀਂ ਹੋਈ। ਇਸ ਤੋਂ ਬਾਅਦ ਵੀ ਰੁੱਕ-ਰੁੱਕ ਕੇ ਸ਼ਾਮ ਤੱਕ ਮੀਂਹ ਪੈਂਦਾ ਰਿਹਾ। ਮੀਂਹ ਪੈਣ ਨਾਲ ਤਾਪਮਾਨ ਹੇਠਾਂ ਆਇਆ ਹੈ ਅਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਮੌਸਮ ਵਿਭਾਗ ਵੱਲੋਂ ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਵੀ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ।