ਲੋਕਧਾਰਾ ਵਿਗਿਆਨੀ ਡਾ. ਔਲਖ ਨੂੰ ਸ਼ਰਧਾਂਜਲੀਆਂ

ਲੋਕਧਾਰਾ ਵਿਗਿਆਨੀ ਡਾ. ਔਲਖ ਨੂੰ ਸ਼ਰਧਾਂਜਲੀਆਂ

ਸੰਬੋਧਨ ਕਰਦੇ ਹੋਏ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ।

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 21 ਸਤੰਬਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੇਵਾਮੁਕਤ ਪੰਜਾਬੀ ਦੀ ਨਾਮਵਰ ਲੋਕਧਾਰਾ ਵਿਗਿਆਨੀ, ਭਾਸ਼ਾ ਚਿੰਤਕ, ਲੋਕ-ਪੱਖੀ ਜਨਤਕ ਜਮਹੂਰੀ ਲਹਿਰ ਦੀ ਸਹਿਯੋਗੀ ਪ੍ਰੋਫੈਸਰ (ਡਾ.) ਸਤਿੰਦਰ ਔਲਖ ਨੂੰ ਸਮਰਪਿਤ ਅੱਜ ਇਥੇ ਯੂਨੀਵਰਸਿਟੀ ਐਨਕਲੇਵ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜਿਥੇ ਉਨ੍ਹਾਂ ਦੇ ਖੋਜ ਕਾਰਜਾਂ ਦੀ ਗੱਲ ਕੀਤੀ ਗਈ, ਉਥੇ ਹੀ ਉਨ੍ਹਾਂ ਦੇ ਸਮਾਜਿਕ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। 

ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਇਹੋ ਜਿਹੀਆਂ ਸ਼ਖਸੀਅਤਾਂ ਦੇ ਕੀਤੇ ਗਏ ਕਾਰਜ ਸਮਾਜ ਲਈ ਰਾਹ-ਦਸੇਰਾ ਬਣਦੇ ਹਨ। ਇਸ ਦੌਰਾਨ ਅਮੋਲਕ ਸਿੰਘ ਨੇ ਡਾ. ਔਲਖ ਵੱਲੋਂ ਕੀਤੇ ਖੋਜ ਕਾਰਜਾਂ ’ਤੇ ਵਿਸ਼ੇਸ਼ ਚਰਚਾ ਕਰਵਾਉਣ ਸਬੰਧੀ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਡਾ. ਸਵਰਾਜਬੀਰ ਦਾ ਸੁਨੇਹਾ ਦਿੱਤਾ। 

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਅਮੈਰੀਟਸ ਡਾ. ਹਰਜੀਤ ਸਿੰਘ ਗਿੱਲ ਨੇ ਕਿਹਾ ਕਿ ਔਲਖ ਨੇ ਪੰਜਾਬੀ ਲੋਕਧਾਰਾ, ਵਿਰਸਾ ਤੇ ਸਭਿਆਚਾਰ ਦੇ ਇਤਿਹਾਸਕ ਸੰਦਰਭ ਵਿਚ ਜਿਹੜੇ ਖੋਜ ਕਾਰਜ ਕੀਤੇ, ਉਹ ਆਪਣੇ-ਆਪ ਵਿਚ ਇਕ ਮਿਸਾਲ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪ੍ਰੋ. ਔਲਖ ਨੇ ਲੋਕ ਪਰੰਪਰਾਵਾਂ ਤੇ ਸਮਕਾਲੀ ਮਸਲਿਆਂ ਨੂੰ ਚਿੰਤਨ ਤੇ ਗਿਆਨ ਦੇ ਨਾਲ-ਨਾਲ ਪੰਜਾਬੀ ਦੇ ਨਾਬਰੀ ਦੇ ਵਿਰਸੇ ਨੂੰ ਵੀ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਕਾਰਜਾਂ ਰਾਹੀਂ ਆਪਣੀਆਂ ਪਰੰਪਰਾਵਾਂ ਨਾਲ ਜੋੜਿਆ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫਲਾ ਦੇ ਕਨਵੀਨਰ ਜਸਪਾਲ ਜੱਸੀ ਸਮੇਤ ਹੋਰ ਬੁਲਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਡਾ. ਔਲਖ ਦੇ ਪਤੀ ਡਾ. ਪਰਮਿੰਦਰ ਸਿੰਘ ਨੇ ਬੇਟੀ ਸਬੀਰਾ ਵੱਲੋਂ ਮਾਂ ਦੀ ਯਾਦ ਵਿਚ ਲਿਖੇ ਬੋਲ ਸਾਂਝੇ ਕੀਤੇ। 

ਇਸ ਦੌਰਾਨ ਯਸ਼ਪਾਲ ਚੰਡੀਗੜ੍ਹ, ਸੁਰਿੰਦਰ ਕੁਮਾਰੀ ਕੋਛੜ, ਪ੍ਰੋ. ਜਗਰੂਪ ਸੇਖੋਂ, ਪ੍ਰਿੰਸੀਪਲ ਡਾ. ਮਹਿਲ ਸਿੰਘ, ਪਾਵੇਲ, ਡਾ. ਅਮਰਜੀਤ ਸਿੱਧੂ, ਰਾਮ ਸਵਰਨ ਲੱਖੇਵਾਲੀ, ਜਗਮੇਲ ਸਿੰਘ, ਦੀਪ ਦਵਿੰਦਰ ਸਿੰਘ, ਜਗੀਰ ਜੋਸ, ਡਾ. ਸ਼ਿਆਮ ਸੁੰਦਰ ਦੀਪਤੀ ਤੇ ਹੋਰ ਆਗੂ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All