ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਜਨਵਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਕੋਰ ਕਮੇਟੀ ਅਤੇ ਜ਼ਿਲ੍ਹਾ ਜਨਰਲ ਕਮੇਟੀ ਦੀ ਮੀਟਿੰਗ ਹੋਈ।ਜਿਸ ਵਿਚ 18 ਜੋਨਾਂ ਦੇ ਪ੍ਰਧਾਨ ਤੇ ਸਕੱਤਰ ਸ਼ਾਮਲ ਹੋਏ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ 5 ਜਨਵਰੀ ਦੀ ਫਿਰੋਜ਼ਪੁਰ ਰੈਲੀ ਨੂੰ ਰੱਦ ਕਰਵਾਉਣ ਲਈ ਵਿਸ਼ੇਸ਼ ਰਣਨੀਤੀ ਉਲੀਕੀ ਗਈ।ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਨੇ ਕਿਹਾ ਕਿ ਜਿਲ੍ਹਾ ਅੰਮ੍ਰਿਤਸਰ ਹਰ ਪੱਖੋਂ ਪੂਰੀ ਤਰ੍ਹਾਂ ਤਿਆਰ ਰਹੇ।ਜਥੇਬੰਦੀ ਵਲੋਂ ਜੋ ਰਣਨੀਤੀ ਉਲੀਕੀ ਗਈ ਹੈ, ਉਸ ਨੂੰ ਲਾਗੂ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਤੋਂ ਪਹਿਲਾਂ ਆਗੂਆਂ ਵੱਲੋਂ ਅੰਮ੍ਰਿਤਸਰ ਹਰੀਕੇ ਮੁੱਖ ਮਾਰਗ ਚੱਬਾ ਵਿਖੇ ਜਾਮ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ।
ਸ਼ਾਹਕੋਟ(ਗੁਰਮੀਤ ਸਿੰਘ ਖੋਸਲਾ): ਭਾਜਪਾ ਦੀ ਕੇਂਦਰੀ ਸਰਕਾਰ ਵੱਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਨ ਸਮੇਂ ਕਿਸਾਨਾਂ ਦੀਆਂ ਹੋਰ ਅਨੇਕਾਂ ਭਖਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਕੀਤੇ ਵਾਅਦੇ ਤੋਂ ਕਿਨਾਰਾਕਸੀ ਕਰਨ ਦੇ ਵਿਰੋਧ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਡੇਢ ਦਰਜਨ ਪਿੰਡਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ।
ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ ਅਤੇ ਸਕੱਤਰ ਬਲਵੰਤ ਮਲਸੀਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਸੱਦੇ ’ਤੇ ਸ਼ਾਹਕੋਟ,ਮਲਸੀਆਂ,ਸੈਦਪੁਰ ਝਿੜੀ, ਸੰਢਾਂਵਾਲ, ਬੁਢਣਵਾਲ, ਫਾਜਿਲਵਾਲ, ਗਿਹਲਣ, ਸਲੈਚ, ਮਾਲੜੀ, ਮਹੂੰਵਾਲ, ਦਿਲਖਾਹਪੁਰ ਢੱਡਾ,ਰਾਈਵਾਲ ਦੋਨਾ, ਹੁਸੈਨਪੁਰ, ਗਿੱਲ, ਸਿਹਾਰੀਵਾਲ ਅਤੇ ਬਲਕੋਹਨਾ ਵਿਚ ਮੋਦੀ ਦੇ ਪੁਤਲੇ ਫੂਕਕੇ ਪ੍ਰਧਾਨ ਮੰਤਰੀ ਦੀ 5 ਜਨਵਰੀ ਦੀ ਫਿਰੋਜ਼ਪੁਰ ਫੇਰੀ ਦਾ ਵਿਰੋਧ ਕਰਦਿਆਂ ਇਸ ਦਿਨ ਐੱਸ.ਡੀ.ਐੱਮ ਦਫਤਰ ਸ਼ਾਹਕੋਟ ਵਿਚ ਵੱਡਾ ਇਕੱਠ ਕਰਕੇ ਮੁਜ਼ਾਹਰਾ ਕਰਨ ਤੋਂ ਉਪਰੰਤ ਮੋਦੀ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ।