ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤੀ ਦੇਣ ਲਈ ਪੰਜ ਮਾਰਚ ਨੂੰ ਟਰੈਕਟਰ-ਟਰਾਲੀਆਂ ਦਾ ਵੱਡਾ ਕਾਫਲਾ ਦਿੱਲੀ ਰਵਾਨਾ ਕੀਤਾ ਜਾਵੇਗਾ। ਇਸ ਸਬੰਧ ਵਿੱਚ ਟਰਾਲੀਆਂ ਨੂੰ ਗਰਮੀਆਂ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤਾ ਗਿਆ ਹੈ। ਮੱਖੀ ਮੱਛਰ ਤੋਂ ਬਚਾਉਣ ਲਈ ਟਰਾਲੀ ਦੇ ਸਾਰੇ ਪਾਸੇ ਜਾਲੀ ਲਗਾਈ ਗਈ ਹੈ। ਇਸ ਦੇ ਅੰਦਰ ਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਪੱਖਾ ਲਾਇਆ ਗਿਆ ਹੈ। ਲਾਈਟ ਦੇ ਏਸੀ ਅਤੇ ਡੀਸੀ ਦੋਵੇਂ ਕੁਨੈਕਸ਼ਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ 5 ਮਾਰਚ ਨੂੰ ਅੰਮ੍ਰਿਤਸਰ ਦੇ ਗੋਲਡਨ ਗੇਟ ਅਤੇ ਬਿਆਸ ਤੋਂ ਟਰੈਕਟਰ ਟਰਾਲੀਆਂ ਦਾ ਵੱਡਾ ਕਾਫਲਾ ਦਿੱਲੀ ਲਈ ਰਵਾਨਾ ਹੋਵੇਗਾ। ਇਨ੍ਹਾਂ ਦੀ ਗਿਣਤੀ ਹਜ਼ਾਰਾਂ ਵਿਚ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਦਾਅਵਾ ਰੱਦ ਕੀਤਾ ਜਾਵੇਗਾ ਕਿ ਕਿਸਾਨ ਮੋਰਚੇ ਵਿਚੋਂ ਕਿਸਾਨਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਲਕੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਮਜਦੂਰ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਜਾਣਗੇ।
ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਕੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗ ਨਾ ਮੰਨੀ ਤਾਂ ਕਿਸਾਨਾਂ ਵੱਲੋਂ ਦਿੱਲੀ ਬਾਰਡਰ ਵੱਲ ਵਹੀਰਾਂ ਘੱਤਣ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਜਾਰੀ ਰਹੇਗਾ।
ਰੇਲ ਰੋਕੋ ਅੰਦੋਲਨ ਜਾਰੀ: ਜੰਡਿਆਲਾ ਗੁਰੂ (ਸਿਮਰਤਪਾਲ ਸਿੰਘ ਬੇਦੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਬਾਹਰ ਚੱਲ ਰਿਹਾ ਰੇਲ ਰੋਕੋ ਅੰਦੋਲਨ 162ਵੇਂ ਦਿਨ ’ਚ ਦਾਖਲ ਹੋ ਗਿਆ ਹੈ। ਇਸੇ ਦੌਰਾਨ ਦਿੱਲੀ ਮੋਰਚੇ ਵਿੱਚ ਜਾਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ 5 ਮਾਰਚ ਨੂੰ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਦਿੱਲੀ ਦੇ ਕੁੰਡਲੀ ਬਾਰਡਰ ਲਈ ਕਿਸਾਨ ਰਵਾਨਾ ਹੋਣਗੇ। ਉਨ੍ਹਾਂ ਕਿਹਾ ਗੋਲਡਨ ਗੇਟ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਰਣਜੀਤ ਸਿੰਘ ਕਲੇਰਬਾਲਾ, ਜਰਮਨਜੀਤ ਸਿੰਘ ਬੰਡਾਲਾ, ਸਕੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਜੱਥਾ ਰਵਾਨਾ ਹੋਵੇਗਾ। ਇਸੇ ਦੌਰਾਨ ਰੇਲ ਰੋਕੋ ਮੋਰਚੇ ਵਿੱਚ ਅੱਜ ਧੰਨਾ ਸਿੰਘ ਤੇ ਲਾਲੂ ਘੁੰਮਣ ਦੀ ਅਗਵਾਈ ਵਿੱਚ ਜੱਥੇ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਕੋਈ ਸਮਝੌਤਾ ਪ੍ਰਵਾਨ ਨਹੀਂ ਹੋਵੇਗਾ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਖੇਤੀ ਕਾਨੂੰਨਾਂ ਖ਼ਿਲਾਫ਼ ਬਲਾਚੌਰ-ਗੜ੍ਹਸ਼ੰਕਰ ਸੜਕ ’ਤੇ ਪਿੰਡ ਕਰਾਵਰ (ਮਜਾਰੀ) ਲਾਗੇ ਸਥਿਤ ਟੌਲ ਪਲਾਜ਼ਾ ਉੱਤੇ ਕਿਸਾਨਾਂ ਵਲੋਂ ਮੋਦੀ ਸਰਕਾਰ ਖ਼ਿਲਾਫ਼ ਧਰਨਾ ਜਾਰੀ ਹੈ। ਅੱਜ ਦੇ ਧਰਨੇ ’ਚ ਪਹੁੰਚੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਸਪਾਲ ਸਿੰਘ ਜਾਡਲੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਸਮਾਜ-ਸੇਵੀਆਂ ਅਤੇ ਪੱਤਰਕਾਰਾਂ ਖ਼ਿਲਾਫ ਅਨੇਕਾਂ ਹੱਥਕੰਡੇ ਵਰਤਣ ਦੇ ਬਾਵਜੂਦ ਵੀ ਕਿਸਾਨਾਂ ਦਾ ਰੋਹ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਕੋਈ ਵੀ ਸਾਜ਼ਿਸ਼ ਕਿਸਾਨਾਂ ਦੇ ਘੋਲ ਨੂੰ ਲੀਹੋਂ ਨਹੀਂ ਲਾਹ ਸਕਦੀ ਅਤੇ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਹੀ ਪੈਣਗੇ। ਇਸ ਮੌਕੇ ਕਰਨੈਲ ਸਿੰਘ ਠਠਿਆਲਾ, ਕੁਲਵਿੰਦਰ ਸਿੰਘ ਸਜਾਵਲਪੁਰ, ਅਮਰਜੀਤ ਸਿੰਘ ਮਜਾਰੀ, ਕੇਹਰ ਸਿੰਘ ਸਾਹਦੜਾ, ਨਿਰਮਲ ਸਿੰਘ, ਚਰਨ ਸਿੰਘ, ਸੁਰਿੰਦਰ ਸਿੰਘ, ਮਨਜੀਤ ਸਿੰਘ ਸਿੰਬਲ ਮਜਾਰਾ, ਪਿਆਰਾ ਸਿੰਘ ਬੈਂਸ, ਸਾਧੂ ਸਿੰਘ ਭਾਰਾਪੁਰ ਅਤੇ ਸਰਵਣ ਸਿੰਘ ਚਣਕੋਈ ਹਾਜ਼ਰ ਸਨ।