ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੂਨ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਅਕਾਲ ਤਖ਼ਤ ’ਤੇ ਖਿਮਾ ਯਾਚਨਾ ਲਈ ਅਰਦਾਸ ਕੀਤੀ ਹੈ ਕਿ ਬਰਗਾੜੀ ਮੋਰਚਾ ਖ਼ਤਮ ਕਰਨਾ ਉਨ੍ਹਾਂ ਦੀ ਵੱਡੀ ਭੁੱਲ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਦਿੱਤੇ ਭਰੋਸੇ ਦੇ ਝਾਂਸੇ ਵਿੱਚ ਆ ਕੇ ਉਨ੍ਹਾਂ ਕੋਲੋਂ ਇਹ ਭੁੱਲ ਹੋਈ। ਉਨ੍ਹਾਂ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਮੋਰਚਾ ਮੁੜ ਸ਼ੁਰੂ ਕਰਨ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਆਖਿਆ ਕਿ ਉਸ ਵੇਲੇ ਸਰਕਾਰ ਨੇ ਗੁਰੂ ਦੀ ਹਜ਼ੂਰੀ ਵਿਚ ਆ ਕੇ ਸੰਗਤ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਸਰਕਾਰ ਵਲੋਂ ਦਿੱਤੇ ਭਰੋਸੇ ਤੇ ਵਿਸ਼ਵਾਸ ਕੀਤਾ। ਇਸ ਸਬੰਧ ਵਿਚ ਸਿੱਖ ਸ਼ਖ਼ਸੀਅਤਾਂ ਅਤੇ ਸੰਗਤ ਦੇ ਨਾਲ ਗੱਲਬਾਤ ਕਰ ਕੇ ਮੋਰਚੇ ਨੂੰ ਖਤਮ ਕੀਤਾ ਸੀ ਪਰ ਇਹ ਉਨ੍ਹਾਂ ਦੀ ਭੁੱਲ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿਚ ਪਤਾ ਲੱਗਾ ਕਿ ਸਰਕਾਰ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਦੇ ਨਾਲ ਰਲੀ ਹੋਈ ਸੀ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਅਕਾਲ ਤਖ਼ਤ ਵਿਖੇ ਖਿਮਾ ਯਾਚਨਾ ਦੀ ਅਰਦਾਸ ਕੀਤੀ ਹੈ ਅਤੇ ਇਹ ਮੋਰਚਾ ਮੁੜ ਸ਼ੁਰੂ ਕਰਨ ਦੀ ਵੀ ਅਰਦਾਸ ਕੀਤੀ ਹੈ। ਉਹ ਇਸ ਸਬੰਧ ਵਿੱਚ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਇਸ ਸਬੰਧੀ ਅਗਲਾ ਫੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੋਰਚਾ ਸ਼ਾਂਤਮਈ ਢੰਗ ਨਾਲ ਲਾਇਆ ਜਾਵੇਗਾ।