ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਜੁਲਾਈ
ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਮੁਲਾਜ਼ਮ ਵਰਗ ਵਿੱਚ ਬੇਹੱਦ ਗੁੱਸਾ ਹੈ। ਅੱਜ ਵੀ ਮਾਝੇ ਅਤੇ ਦੁਆਬੇ ਦੇ ਕਈ ਸ਼ਹਿਰਾਂ ਕਸਬਿਆਂ ਦੇ ਵਿੱਚ ਮੁਲਾਜ਼ਮਾਂ ਨੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਵਿਰੁੱਧ ਮੁਜ਼ਾਹਰੇ ਕੀਤੇ ਹਨ।
ਪਠਾਨਕੋਟ (ਐੱਨਪੀਧਵਨ): ਪੀਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਦੇ ਚੇਅਰਮੈਨ ਸਤੀਸ਼ ਸ਼ਰਮਾ ਦੀ ਅਗਵਾਈ ਵਿੱਚ ਤਨਖਾਹ ਕਮਿਸ਼ਨ ਦੀ ਮੁਲਾਜ਼ਮ ਵਿਰੋਧੀ ਨੋਟੀਫੀਕੇਸ਼ਨ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੂਹਰੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਵਿੱਚ ਪੰਜਾਬ ਸੂਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਧੀਮਾਨ, ਰਮੇਸ਼ ਪਾਲ ਸ਼ਰਮਾ, ਮਨੋਹਰ ਲਾਲ ਪ੍ਰਧਾਨ, ਨਿਤਿਨ ਸ਼ਰਮਾ, ਸੁਰੇਸ਼ ਕੁਮਾਰ, ਜਨਰਲ ਸਕੱਤਰ ਮੋਹਨ ਸਿੰਘ, ਪਿਆਰਾ ਸਿੰਘ, ਰਵਿੰਦਰ, ਅਮਰਜੀਤ ਸਿੰਘ, ਪ੍ਰਧਾਨ ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ। ਸੰਬੋਧਨ ਕਰਦੇ ਹੋਏ ਰਾਜਿੰਦਰ ਧੀਮਾਨ ਅਤੇ ਚੇਅਰਮੈਨ ਸਤੀਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਵਿੱਚ ਵਾਟਰ ਸਪਲਾਈ ਸੈਨੀਟੇਸ਼ਨ ਦੇ ਫੀਲਡ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ।
ਇਸ ਦੌਰਾਨ ਹੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਵਿੱਚ ਚੀਫ ਇੰਜਨੀਅਰ ਦਫਤਰ ਦੇ ਮੂਹਰੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਲੇ ਝੰਡੇ ਲੈ ਕੇ ਮੋਟਰ ਸਾਈਕਲ ਰੈਲੀ ਕੱਢੀ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਮੁਲਾਜ਼ਮ ਆਗੂ ਨੱਥਾ ਸਿੰਘ, ਪੰਜਾਬ ਡਰਾਫਟਮੈਨ ਸੰਗਠਨ ਦੇ ਸੂਬਾ ਪ੍ਰਧਾਨ ਚਰਨ ਕਮਲ ਸ਼ਰਮਾ, ਪੰਜਾਬ ਮੁਲਾਜ਼ਮ ਦਲ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ, ਗੁਰਨਾਮ ਸਿੰਘ ਮਟੌਰ, ਐਸਸੀ/ਬੀਸੀ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ, ਸੀਪੀਐੱਫ ਮੁਲਾਜ਼ਮ ਯੂਨੀਅਨ ਦੇ ਨਿਰਵੇਸ਼ ਡੋਗਰਾ ਆਦਿ ਸ਼ਾਮਲ ਸਨ। ਮੁਲਾਜ਼ਮ ਆਗੂ ਨੱਥਾ ਸਿੰਘ ਅਤੇ ਪੰਜਾਬ ਡਰਾਫਟਮੈਨ ਸੰਗਠਨ ਦੇ ਸੂਬਾ ਪ੍ਰਧਾਨ ਚਰਨ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਛੇਵੇਂ ਤਨਖਾਹ ਕਮਿਸ਼ਨ ਦੀ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਜੋ ਆਦੇਸ਼ ਦਿੱਤੇ ਹਨ, ਉਸ ਨਾਲ ਮੁਲਾਜ਼ਮ ਵਰਗ ਦੇ ਹਿਤਾਂ ਨੂੰ ਕਾਫੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਡੈਮ ਪ੍ਰਾਜੈਕਟ ’ਤੇ ਕੰਮ ਕਰਦੇ ਸਾਰੇ ਮੁਲਾਜ਼ਮ ਅਤੇ ਕਰਮਚਾਰੀ ਸੰਗਠਨ 8-9 ਜੁਲਾਈ ਨੂੰ ਪੈਨ ਡਾਊਨ ਅਤੇ ਟੂਲ ਡਾਊਨ ਹੜਤਾਲ ਕਰਕੇ ਚੀਫ ਇੰਜੀਨੀਅਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ।
ਤਰਨ ਤਾਰਨ (ਗੁਰਬਖਸ਼ਪੁਰੀ): ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵਲੋਂ ਅੱਜ ਇਥੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖਿਲਾਫ਼ ਰੋਸ ਵਿਖਾਵਾ ਕਰਕੇ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਦੀ ਅਰਥੀ ਸਾੜੀ ਗਈ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਜਥੇਬੰਦੀ ਵਲੋਂ ਇਕ ਰੈਲੀ ਕਰਕੇ ਸਰਕਾਰ ਖਿਲਾਫ਼ ਸ਼ਹਿਰ ਅੰਦਰ ਰੋਸ ਮਾਰਚ ਵੀ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਮਨਜਿੰਦਰ ਸਿੰਘ ਝੰਡੇਰ, ਪ੍ਰਸ਼ੋਤਮ ਸਿੰਘ ਕੱਦਗਿੱਲ, ਬਲਵੀਰ ਕੌਰ, ਮਨਪ੍ਰੀਤ ਕੌਰ ਨੇ ਸੰਬੋਧਨ ਕੀਤਾ|
ਬੁਲਾਰਿਆਂ ਸਿੱਖਿਆ ਵਿਭਾਗ ਦੇ ਮਾਸਟਰ ਕਾਡਰ ਦੇ ਅਧਿਆਪਕਾਂ ਨੂੰ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨਾਲੋ ਘੱਟ ਸਕੇਲ ਦੇਣ ਦੀ ਨਿਖੇਧੀ ਕੀਤੀ| ਉਨ੍ਹਾਂ ਅਜਿਹੀਆਂ ਸਿਫਾਰਸ਼ਾਂ ਕਰਨ ਪਿੱਛੇ ਸੂਬੇ ਦੇ ਵਿੱਤ ਮੰਤਰੀ ਦਾ ਹੱਥ ਹੋਣ ਦਾ ਦੋਸ਼ ਲਗਾਇਆ| ਜਥੇਬੰਦੀ ਨੇ ਇਸ ਸਬੰਧੀ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਸਰਕਾਰ ਦੇ ਨਾਂ ਮੰਗ ਪੱਤਰ ਵੀ ਦਿੱਤਾ ਹੈ|