ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਮੁਸਲਿਮ ਭਾਈਚਾਰੇ ਵੱਲੋਂ ਅੱਜ ਇੱਥੇ ਸਥਾਨਕ ਜਾਮਾ ਮਸਜਿਦ ਵਿਖੇ ਬਕਰੀਦ ਬੜੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਮੁਸਲਿਮ ਭਾਈਚਾਰੇ ਨੇ ਇਕ ਦੂਜੇ ਨੂੰ ਈਦ ਮੁਬਾਰਕ ਆਖਿਆ ਅਤੇ ਇਸ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕ ਆਖਣ ਵਾਸਤੇ ਮਸਜਿਦ ਵਿੱਚ ਪੁੱਜੇ। ਉਨ੍ਹਾਂ ਕਿਹਾ ਕਿ ਅੱਜ ਮੁਬਾਰਕ ਦਿਨ ਹੈ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣੀ ਰਹੇ ,ਦੀ ਦੁਆ ਕੀਤੀ ਹੈ। ਈਦ ਦੀ ਨਮਾਜ਼ ਪੜ੍ਹਨ ਲਈ ਇੱਥੇ ਮਸਜਿਦ ਵਿਚ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਪੁੱਜੇ ਹੋਏ ਸਨ।
ਫਗਵਾੜਾ (ਪੱਤਰ ਪ੍ਰੇਰਕ) ਈਦ ਉੱਲ ਅਜਾਹਾ ਦਾ ਦਿਹਾੜਾ ਅੱਜ ਮੁਸਲਿਮ ਭਾਈਚਾਰੇ ਵੱਲੋਂ ਸ਼ਰਧਾ ਨਾਲ ਅੱਜ ਵੱਖ ਵੱਖ ਥਾਵਾਂ ’ਤੇ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾ ਤੇ ਈਦਗਾਰਾਂ ਵਿਖੇ ਈਦ ਦੀ ਨਮਾਜ ਅਤਾ ਕੀਤੀ ਗਈ। ਪਿੰਡ ਪਲਾਹੀ ’ਚ ਮਦੀਨਾ ਮਸਜਿਦ ’ਚ ਇਸ ਦਿਹਾੜੇ ਮੌਕੇ ਮੌਲਾਨਾ ਨਸੀਮ ਅਹਿਮਦ ਕਾਸਮੀ ਨੇ ਅਦਾ ਕਰਵਾਈ। ਇਸ ਮੌਕੇ ਰਾਸ਼ਟਰੀਆ ਅਲਪ ਸੰਖਿਅਕ ਅਰਕਸ਼ਨ ਮੋਰਚਾ ਦੇ ਸੂਬਾ ਪ੍ਰਧਾਨ ਸਰਬਰ ਗੁਲਾਮ ਸੱਬਾ, ਕਾਰੀ ਗਯੂਰ ਅਹਿਮਦ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਈਦ ਉੱਲ ਅਜਹਾ ਨਾਲ ਸਿਰਫ਼ ਹਜ਼ਰਤ ਇਬਰਾਹੀਮ ਆਲੇ ਸਲਾਮ ਤੇ ਹਜਰਤ ਇਸਮਾਇਲ ਆਲੇ ਸਲਮਾ ਦੀ ਅਜੀਮ ਕੁਰਬਾਨੀ ਦੀ ਯਾਦਗਾਰ ਹੈ ਬਲਕਿ ਮੁਸਲਮਾਨਾ ਨੂੰ ਜਜਬਾ ਏ ਕੁਰਬਾਨੀ ਆਪਣੇ ਅੰਦਰ ਪੈਦਾ ਕਰਨ ਦਾ ਸਬਕ ਦਿੰਦਾ ਹੈ। ਇਸੇ ਤਰ੍ਹਾਂ ਈਦ ਦੀ ਨਮਾਜ਼ ਮਸਜਿਦ ਉਮਰ ਨਾਈਆਂ ਵਾਲਾ ਚੌਂਕ ਵਿਖੇ ਇਮਾਮ ਜਿਆ ਉੱਪਲ ਹੱਕ ਕਾਸਮੀ ਨੇ ਅਦਾ ਕਰਵਾਈ। ਇਸੇ ਤਰ੍ਹਾਂ ਜਾਮਾ ਮਸਜਿਦ ਗਊਸ਼ਾਲਾ ਰੋਡ ਵਿਖੇ ਮੌਲਾਨਾ ਅਵੈਦ ਉੱਰ ਰਹਿਮਾਨ ਦੀ ਅਗਵਾਈ ’ਚ ਇਹ ਦਿਹਾੜਾ ਮਨਾਇਆ ਗਿਆ।
ਪਠਾਨਕੋਟ (ਪੱਤਰ ਪ੍ਰੇਰਕ) ਅੱਜ ਜ਼ਿਲ੍ਹਾ ਪਠਾਨਕੋਟ ਅੰਦਰ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਇਜਹਾ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਿੰਡ ਕੋਟਲੀ ਮੁਗਲਾਂ ਵਿੱਚ ਹੁਸੈਨੀਆ ਮਸਜਿਦ ਵਿੱਚ ਬਕਰੀਦ ਦੀ ਨਮਾਜ ਅਦਾ ਕੀਤੀ ਗਈ। ਪਠਾਨਕੋਟ ਦੀ ਹੀਰਾ ਮਸਜਿਦ ਵਿਖੇ ਮੌਲਵੀ ਮੁਹੰਮਦ ਫੁਰਕਾਨ ਨੇ ਨਮਾਜ ਅਦਾ ਕਰਵਾਈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਸ਼ਾਮਲ ਹੋਏ ਤੇ ਉਨ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਸ ਪਵਿੱਤਰ ਦਿਹਾੜੇ ਦੀ ਮੁਬਾਰਕਵਾਦ ਦਿੱਤੀ।
ਕਾਦੀਆਂ (ਪੱਤਰ ਪ੍ਰੇਰਕ) ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਅਹਿਮਦੀਆ ਹੈੱਡ ਕੁਆਰਟਰ ਪਹੁੰਚ ਕੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿ ਘੱਟ ਗਿਣਤੀ ਕਮਿਸ਼ਨ ਵਿੱਚ ਯੋਗ ਹੋਣ ’ਤੇ ਅਹਿਮਦੀਆ ਭਾਈਚਾਰੇ ਨੂੰ ਨੁਮਾਇੰਦਗੀ ਦਿੱਤੀ ਜਾਵੇਗੀ।