ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਜੂਨ
ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਨੇ ਯੂਕੇ ਦੀ ਯੂਨੀਵਰਸਿਟੀ ਆਫ ਵੂਲਹਰਹੈਂਪਟਨ ਵਿੱਚ ਸੈਂਟਰ ਫਾਰ ਸਿੱਖ ਅਤੇ ਪੰਜਾਬੀ ਸਟੱਡੀਜ਼ ਦੀ ਡਾਇਰੈਕਟਰ ਡਾ. ਉਪਿੰਦਰਜੀਤ ਕੌਰ ਤੱਖਰ ਨੂੰ ਅਪੀਲ ਕੀਤੀ ਹੈ ਕਿ ਯੂਕੇ ਵਿਚ ਸਿੱਖੀ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਾਸਤੇ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕੀਤਾ ਜਾਵੇ। ਇਸ ਕਾਰਜ ਲਈ ਦੀਵਾਨ ਹਰ ਸੰਭਵ ਮਦਦ ਦੇਣ ਵਾਸਤੇ ਤਿਆਰ ਹੈ। ਡਾ. ਓਪਿੰਦਰਜੀਤ ਕੌਰ ਤੱਖਰ ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਡਾ. ਗੁਰਬਿਲਾਸ ਸਿੰਘ ਪੰਨੂ ਨਾਲ ਦੀਵਾਨ ਦੇ ਮੁੱਖ ਦਫ਼ਤਰ ਪੁੱਜੇ ਸਨ। ਇਸ ਮੌਕੇ ਡਾ. ਤੱਖਰ ਨੇ ਯੂ.ਕੇ ਵਿਚ ਸਿੱਖਾਂ ਵਲੋਂ ਦੇਸ਼ ਦੇ ਆਰਥਿਕ ਵਿਕਾਸ ਵਿਚ ਦਿੱਤੇ ਗਏ ਯੋਗਦਾਨ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪੁਰਾਤਨ ਇਤਿਹਾਸ ਅਤੇ ਇਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਮੀਟਿੰਗ ਦੌਰਾਨ ਦੀਵਾਨ ਦੇ ਅਹੁਦੇਦਾਰਾਂ ਵੱਲੋਂ ਚਿੰਤਾ ਪ੍ਰਗਟਾਈ ਗਈ ਕਿ ਯੂ.ਕੇ ਵਿੱਚ ਵੱਡੀ ਗਿਣਤੀ ਵਿਚ ਵਸਦੇ ਸਿੱਖ ਪਰਿਵਾਰ ਅਤੇ ਉਨ੍ਹਾਂ ਦੇ ਬੱਚੇ ਆਪਣੇ ਅਮੀਰ ਵਿਰਸੇ ਅਤੇ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ।