ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 4 ਮਈ
ਡਾਇਨਾਮਿਕ ਗਰੁੱਪ ਆਫ਼ ਰੰਘਰੇਟਾਜ਼ (ਡੀਜੀਆਰ) ਦੇ ਮੁੱਖ ਸੰਚਾਲਕ ਅਤੇ ਸੇਵਾਮੁਕਤ ਏਡੀਜੀਪੀ ਗੁਰਦੇਵ ਸਿੰਘ ਸਹੋਤਾ ਦੀ ਅਗਵਾਈ ਹੇਠ ਇੱਥੇ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ ’ਤੇ ਬਣੀ ਫਿਲਮ ‘ਜੈ ਭੀਮ’ ਦਾ ਪੋਸਟਰ ਰਿਲੀਜ਼ ਕੀਤਾ ਗਿਆ।
ਇਸ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ। ਇਸ ਮੌਕੇ ਬੜੌਦਾ ਯੂਨੀਵਰਸਿਟੀ (ਗੁਜਰਾਤ) ਦੇ ਸਾਬਕਾ ਅਧਿਆਪਕ ਪ੍ਰੋ. ਰਾਜ ਕੁਮਾਰ ਹੰਸ ਨੇ ਡਾ. ਅੰਬੇਡਕਰ ਦੇ ਜੀਵਨ ਸੰਘਰਸ਼ ’ਤੇ ਚਾਨਣਾ ਪਾਇਆ। ਡਾ. ਗੁਰਤੇਜ ਸਿੰਘ ਨੇ ਕਿਤਾਬਾਂ ‘ਡਾਕਟਰ ਅੰਬੇਡਕਰ ਇਨਕਲਾਬ, ‘ਚੰਗੇ ਵਿਦਿਆਰਥੀ ਦੀ ਸਿਰਜਣਾ’ ਅਤੇ ‘ਫ਼ੈਲੇ ਵਿਦਿਆ ਚਾਨਣ ਹੋਏ’ ਬਾਰੇ ਜਾਣਕਾਰੀ ਦਿੱਤੀ। ਲੈਕਚਰਾਰ ਗੁਰਮੀਤ ਸਿੰਘ ਭੋਮਾ ਨੇ ਬਾਬਾ ਸਾਹਿਬ ਦੇ ਸੰਘਰਸ਼ ਦੀ ਦਾਸਤਾਨ ਬਾਰੇ ਵਿਚਾਰ ਰੱਖੇ। ਇਸ ਮੌਕੇ ਹੈਡਮਾਸਟਰ ਬਲਜਿੰਦਰ ਸਿੰਘ ਨਾਹਰ, ਡਾ. ਅਵਤਾਰ ਸਿੰਘ, ਸਾਬਕਾ ਆਈਏਐਸ ਅਧਿਕਾਰੀ ਬਖਤਾਵਰ ਸਿੰਘ, ਪ੍ਰੋ ਮਨਜਿੰਦਰ ਸਿੰਘ (ਜੀਐਨਡੀਯੂ), ਲੈਕਚਰਾਰ ਜੁਗਰਾਜ ਸਿੰਘ, ਐਡਵੋਕੇਟ ਚਰਨਜੀਤ ਸਿੰਘ ਘਈ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਗੁਰਦੇਵ ਸਿੰਘ ਸਹੋਤਾ ਨੇ ਇਸ ਮੌਕੇ ਦੱਸਿਆ ਕਿ ਡੀਜੀਆਰ ਵੱਲੋਂ ਸਵਰਨ ਸਿੰਘ ਭੰਗੂ ਦੀ ਰਚਿਤ ਕਿਤਾਬ ‘ਚੰਗੇ ਵਿਦਿਆਰਥੀ ਦੀ ਸਿਰਜਣਾ’ ਦੀਆਂ ਦੋ ਸੌ ਕਾਪੀਆਂ ਵੰਡੀਆਂ ਗਈਆਂ ਹਨ। ਇਸ ਮੌਕੇ ਸ੍ਰੀ ਸਹੋਤਾ ਤੇ ਹੋਰਨਾਂ ਵਲੋਂ ਕਾਨੂੰਨ ਦੀ ਪੜ੍ਹਾਈ ਕਰਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੂੰ ਦਸ ਹਜ਼ਾਰ ਰੁਪਏ ਨਗਦ ਮਾਲੀ ਸਹਾਇਤਾ ਦਿੱਤੀ ਗਈ। ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਸੰਘਰਸ਼ ‘ਤੇ ਬਣੀ ਫਿਲਮ ‘ਜੈ ਭੀਮ’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।