ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਅਪਰੈਲ
ਸਥਾਨਕ ਨਹਿਰੂ ਸ਼ਾਪਿੰਗ ਕੰਪਲੈਕਸ ਵਿਚ ਅੱਜ ਵਕੀਲ ਸੰਦੀਪ ਗੋਰਸੀ ਦੇ ਦਫ਼ਤਰ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ। ਇਸ ਦੌਰਾਨ ਹੋਏ ਜ਼ਖ਼ਮੀਆਂ ਵਿੱਚ ਵਕੀਲ ਸੰਦੀਪ ਗੋਰਸੀ ਅਤੇ ਦੂਜੀ ਧਿਰ ਵੱਲੋਂ ਐਨਆਰਆਈ ਸਤੀਸ਼ ਮਹਿਤਾ ਸ਼ਾਮਲ ਹਨ। ਥਾਣਾ ਸਿਵਲ ਲਾਈਨ ਦੀ ਪੁਲੀਸ ਵਲੋਂ ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ ਬਿਆਨ ਕਲਮਬਧ ਕੀਤੇ ਜਾ ਰਹੇ ਹਨ।
ਵਕੀਲ ਸੰਦੀਪ ਗੋਰਸੀ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਸਤੀਸ਼ ਮਹਿਤਾ ਦੀ ਧੀ ਦਾ ਕੈਨੇਡਾ ਵਾਸੀ ਵਿਅਕਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਸੰਦੀਪ ਗੋਰਸੀ ਕੈਨੇਡਾ ਵਾਸੀ ਵਿਅਕਤੀ ਦੇ ਕੇਸ ਦੀ ਪੈਰਵਾਈ ਕਰ ਰਹੇ ਹਨ। ਇਸ ਮਾਮਲੇ ਵਿਚ ਸਮਝੌਤੇ ਲਈ ਐਨਆਰਆਈ ਸਤੀਸ਼ ਮਹਿਤਾ ਅਤੇ ਉਸ ਦੇ ਕੁਝ ਸਮਰਥਕ ਉਨ੍ਹਾਂ ਦੇ ਦਫ਼ਤਰ ਆਏ ਸਨ। ਉਨ੍ਹਾਂ ਨੇ ਗੋਰਸੀ ਨੂੰ ਧੱਕੇ ਮਾਰ ਤੇ ਉਸ ਦਾ ਮੋਬਾਈਲ ਫੋਨ, 50 ਹਜ਼ਾਰ ਰੁਪਏ ਅਤੇ ਸੋਨੇ ਦੀ ਚੇਨ ਖੋਹ ਲਈ ਹੈ ਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਦੂਜੇ ਪਾਸੇ, ਮਹਿਤਾ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿਚ ਸਮਝੌਤਾ ਕਰਾਉਣ ਲਈ ਵਕੀਲ ਨੇ ਉਨ੍ਹਾਂ ਕੋਲੋਂ ਵੱਡੀ ਰਕਮ ਲਈ ਹੈ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਪੈਸੇ ਵਾਪਸ ਮੰਗੇ ਤਾਂ ਝਗੜਾ ਕੀਤਾ ਹੈ। ਉਸ ਨੇ ਵਕੀਲ ਅਤੇ ਉਸ ਦੀ ਪਤਨੀ ’ਤੇ ਹਮਲਾ ਕਰਕੇ ਜ਼ਖਮੀ ਕਰਨ ਦਾ ਦੋਸ਼ ਲਾਇਆ ਹੈ। ਵਕੀਲ ਦੀ ਪਤਨੀ ਨੇ ਕੋਈ ਰਕਮ ਲੈਣ ਅਤੇ ਹਮਲਾ ਕਰਨ ਦੇ ਦੋਸ਼ਾਂ ਨੂੰ ਰੱਦ ਕੀਤਾ ਹੈ।