ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਜੁਲਾਈ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੰਮ੍ਰਿਤਸਰ ਦੀਆਂ ਕਿਸਾਨ ਜਥੇਬੰਦੀਆਂ ਨੇ ਅਜ ਇੱਥੇ ਰੇਲਵੇ ਸਟੇਸ਼ਨ ’ਤੇ ਰੇਲ ਪੱਟੜੀਆਂ ’ਤੇ ਧਰਨਾ ਦਿੱਤਾ ਅਤੇ ਲਗਪਗ ਚਾਰ ਘੰਟੇ ਰੇਲ ਆਵਾਜਾਈ ਰੋਕੀ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਵੱਲਾ ਫਾਟਕ ਨੇੜੇ ਰੇਲ ਆਵਾਜਾਈ ਰੋਕਣ ਵਾਸਤੇ ਵੱਖਰੇ ਤੌਰ ’ਤੇ ਧਰਨਾ ਦਿੱਤਾ। ਮੁਜ਼ਾਹਰੇ ਦੀ ਅਗਵਾਈ ਵੱਖੋ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਰਤਨ ਸਿੰਘ ਰੰਧਾਵਾ, ਬਲਵਿੰਦਰ ਸਿੰਘ ਦੁਧਾਲਾ ,ਜਤਿੰਦਰ ਸਿੰਘ ਛੀਨਾ, ਸ਼ਿਵੰਦਰ ਸਿੰਘ ਮੀਰਾਂਕੋਟ, ਪਰਮਿੰਦਰ ਸਿੰਘ ਜੇਠੂਨੰਗਲ, ਭੁਪਿੰਦਰ ਸਿੰਘ ਤੀਰਥਪੁਰਾ, ਅਮਰੀਕ ਸਿੰਘ ਸੰਗਤ ਪੁਰਾ ਤੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੀਤੀ। ਧਰਨੇ ਦੌਰਾਨ ਪਹਿਲਾਂ ਕਿਸਾਨਾਂ ਨੇ ਦੇਸ਼ ਤੋਂ ਜਾਨ ਵਾਰ ਦੇਣ ਵਾਲੇ ਸ਼ਹੀਦ ਊਧਮ ਸਿੰਘ ਨੂੰ ਯਾਦ ਕੀਤਾ। ਬੁਲਾਰਿਆ ਵਿੱਚ ਡਾ. ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਲਖਬੀਰ ਸਿੰਘ ਨਿਜਾਮਪੁਰਾ, ਧਨਵੰਤ ਸਿੰਘ ਖਤਰਾਏ ਕਲਾਂ, ਬਲਬੀਰ ਸਿੰਘ ਮੂਧਲ ਤੇ ਬਚਨ ਸਿੰਘ ਹੋਠੀਆਂ ਆਦਿ ਸ਼ਾਮਲ ਸਨ। ਕਿਸਾਨ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 19 ਨਵੰਬਰ 2021 ਨੂੰ ਗੁਰੂ ਨਾਨਕ ਦੇਵ ਦੇ ਗੁਰਪੁਰਬ ’ਤੇ ਕਿਹਾ ਸੀ ਕਿ ਐੱਮਐੱਸਪੀ ਲਾਗੂ ਕਰਨ ਦਾ ਕਾਨੂੰਨ ਬਣਾਉਣ ਵਾਸਤੇ ਕਿਸਾਨਾਂ ਨਾਲ ਮਿਲ ਕੇ ਕਮੇਟੀ ਬਣਾਈ ਜਾਵੇਗੀ, ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ, ਦਿੱਲੀ ਦੇ ਕਿਸਾਨ ਮੋਰਚੇ ਨਾਲ ਸਬੰਧਤ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਅਤੇ ਬਿਜਲੀ ਐਕਟ 2020 ਰੱਦ ਕੀਤਾ ਜਾਵੇਗਾ। ਇਨ੍ਹਾਂ ਵਾਅਦਿਆਂ ਤੋਂ ਮੋਦੀ ਸਰਕਾਰ ਭੱਜ ਰਹੀ ਹੈ। ਇਸ ਮੌਕੇ ਕਿਸਾਨ ਆਗੂਆਂ ਬਲਦੇਵ ਸਿੰਘ ਸੈਦਪੁਰ, ਬਲਕਾਰ ਸਿੰਘ ਦੁਧਾਲਾ, ਸਤਨਾਮ ਸਿੰਘ ਝੰਡੇਰ,ਪ੍ਰਭਜੀਤ ਸਿੰਘ ਤਿੰਮੋਵਾਲ ਸੁਖਦੇਵ ਸਿੰਘ ਝੱਬਰ ਸ਼ਮਸ਼ੇਰ ਸਿੰਘ ਲੁਹਾਰਕਾ ਰੋਡ, ਨਿਰਮਲ ਸਿੰਘ ਛੱਜਲਵਿੱਡੀ, ਅਮਰੀਕ ਸਿੰਘ ਸੰਗਤ ਪੁਰਾ, ਜਰਮਨਜੀਤ ਸਿੰਘ, ਰਵਿੰਦਰ ਸਿੰਘ ਛੱਜਲਵਿੱਡੀ, ਹਰਦੀਪ ਕੌਰ ਕੋਟਲਾ ਤੇ ਸੀਨੀਅਰ ਆਗੂ ਗੁਰਲਾਲ ਸਿੰਘ ਵਡਾਲੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰੇਲ ਮੁਸਾਫਰਾਂ ਨੂੰ ਆਈਆਂ ਮੁਸਕਲਾਂ ਲਈ ਕਿਸਾਨਾਂ ਨੇ ਲੋਕਾਂ ਕੋਲੋਂ ਮੁਆਫ਼ੀ ਮੰਗੀ। ਇਸ ਦੌਰਾਨ ਰੇਲ ਗਡੀਆਂ ਰੋਕੇ ਜਾਣ ਕਾਰਨ ਰੇਲ ਯਾਤਰਾ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਪੇਸ਼ ਆਈ। ਲੋਕਾਂ ਨੂੰ ਸ਼ਾਮ ਤਕ ਰੇਲ ਗੱਡੀਆਂ ਦੀ ਉਡੀਕ ਕਰਨੀ ਪਈ। ਇਸ ਕਿਸਾਨ ਧਰਨੇ ਕਾਰਨ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਦੀ ਸ਼ਤਾਬਦੀ ਤੇ ਸ਼ਾਨੇ ਪੰਜਾਬ ਅਤੇ ਹੋਰ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ।
ਜਲੰਧਰ (ਪਾਲ ਸਿੰਘ ਨੌਲੀ): ਕੇਂਦਰ ਸਰਕਾਰ ਦੀ ਵਾਅਦਾਖਿਲਾਫ਼ੀ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਨੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਰੇਲਾਂ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇੱਥੋਂ ਦੇ ਰਾਮਾਮੰਡੀ ਰੇਲਵੇ ਸਟੇਸ਼ਨ ’ਤੇ ਸਵੇਰ ਤੋਂ ਡੇਰੇ ਲਾ ਲਾਏ ਹੋਏ ਸਨ। ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਲਾਏ ਗਏ ਧਰਨੇ ਕਾਰਨ ਜਲੰਧਰ ਤੋਂ ਹੋ ਕੇ ਅੰਮ੍ਰਿਤਸਰ ਤੇ ਪਠਾਨਕੋਟ ਜਾਣ-ਆਉਣ ਵਾਲੀਆਂ ਰੇਲ ਗੱਡੀਆਂ ਪਿੱਛੇ ਹੀ ਰੋਕ ਦਿੱਤੀਆਂ ਗਈਆਂ ਹਨ। ਧਰਨੇ ਕਾਰਨ ਰੇਲਵੇ ਵਿਭਾਗ ਨੇ ਦਿੱਲੀ-ਪਠਾਨਕੋਟ ਤੇ ਇੰਟਰਸਿਟੀ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਜਲੰਧਰ ਸਿਟੀ ਰੇਲਵੇ ਸਟੇਸ਼ਨ ਉੱਤੇ ਹੀ ਰੋਕ ਦਿੱਤਾ ਹੈ। ਜਲੰਧਰ ਰੇਲਵੇ ਸਟੇਸ਼ਨ ’ਤੇ ਅੱਜ ਸਵਾਰੀਆਂ ਖੱਜਲ ਖੁਆਰ ਹੁੰਦੀਆਂ ਰਹੀਆਂ। ਬਹੁਤੇ ਲੋਕਾਂ ਨੂੰ ਕਿਸਾਨਾਂ ਵੱਲੋਂ ਦਿੱਤੇ ਗਏ ਰੇਲ ਰੋਕੋ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਸੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਕਿਸਾਨਾਂ ਦਾ ਰੇਲ ਰੋਕੋ ਸੰਘਰਸ਼ ਪੂਰੀ ਤਰ੍ਹਾਂ ਕਾਮਯਾਬ ਰਿਹਾ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ, ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਤੇ ਸਲਵਿੰਦਰ ਸਿੰਘ ਜਿਆਣੀਆ ਨੇ ਦੱਸਿਆ ਕਿ ਕੇਂਦਰ ਸਰਕਾਰ ਜਿੱਥੇ ਐੱਮਐੱਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਤੋਂ ਮੁੱਕਰ ਗਈ ਹੈ ਉੱਥੇ ਕਿਸਾਨ ਅੰਦੋਲਨ ਦੌਰਾਨ ਜਿਹੜੀਆਂ ਹੋਰ ਮੰਗਾਂ ਮੰਨੀਆਂ ਸਨ, ਉਸ ਤੋਂ ਵੀ ਪੈਰ ਪਿੱਛੇ ਪੁੱਟ ਲਿਆ ਹੈ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਅਤੇ ਦਲਜੀਤ ਸਿੰਘ ਚਿਤੌੜਗੜ੍ਹ ਦੀ ਅਗਵਾਈ ਹੇਠ ਪਿੰਡ ਮੁਰੀਦਕੇ ’ਚ ਧਰਨਾ ਲਾ ਕੇ ਚੱਕਾ ਜਾਮ ਕੀਤਾ ਗਿਆ। ਕਿਸਾਨ ਆਗੂਆਂ ਨੇ ਸ਼ਹੀਦ ਊਧਮ ਸਿੰਘ ਦੇ 82ਵੇਂ ਸ਼ਹੀਦੀ ਦਿਹਾੜੇ ’ਤੇ ਸ਼ਰਧਾਂਜਲੀ ਭੇਟ ਕੀਤੀ।
ਫਗਵਾੜਾ (ਜਸਬੀਰ ਸਿੰਘ ਚਾਨਾ): ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਅੱਜ ਫਗਵਾੜਾ ਰੇਲਵੇ ਸਟੇਸ਼ਨ ’ਤੇ ਧਰਨਾ ਲਗਾਇਆ ਗਿਆ ਤੇ ਕਰੀਬ ਚਾਰ ਘੰਟੇ ਆਵਾਜਾਈ ਠੱਪ ਰੱਖੀ ਗਈ। ਇਸ ਮੌਕੇ ਯੂਨੀਅਨ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਤਨਾਮ ਸਿੰਘ ਸਾਹਨੀ, ਗੁਲਜਿੰਦਰ ਸਿੰਘ ਕੰਡੀ ਕਿਸਾਨ ਯੂਨੀਅਨ, ਜਗਤਾਰ ਸਿੰਘ ਭਿੰਡਰ ਕਿਰਤੀ ਕਿਸਾਨ ਯੂਨੀਅਨ ਤੇ ਤਰਲੋਕ ਸਿੰਘ ਭਬਿਆਣਾ ਨੇ ਸੰਬੋਧਨ ਕੀਤਾ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਧਰਨਾ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਵੱਲਾ ਵਿੱਚ 11 ਤੋਂ 3 ਵਜੇ ਤੱਕ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਜਾਮ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਕੇਸਰੀ ਦੁੱਪਟੇ ਲੈ ਕੇ ਆਈਆਂ ਬੀਬੀਆਂ ਵੱਡੀ ਗਿਣਤੀ ਵਿੱਚ ਧਰਨੇ ਵਿਚ ਸ਼ਾਮਿਲ ਹੋਈਆਂ। ਇਸੇ ਤਰ੍ਹਾਂ ਕੁਝ ਕਿਸਾਨਾਂ ਨੇ ਨੰਗੇ ਧੜ ਹੋ ਕੇ ਵੀ ਰੋਸ ਵਿਖਾਵਾ ਕੀਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਥੂਨੰਗਲ ਟੌਲ ਪਲਾਜ਼ਾ ਵਿੱਚ ਵੱਖਰੇ ਤੌਰ ’ਤੇ ਧਰਨਾ ਦਿੱਤਾ ਗਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਦਿਨ ਜਥੇਬੰਦੀ ਨੇ ਇਹ ਰੇਲ ਰੋਕੋ ਧਰਨਾ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਹੈ।