ਪੱਤਰ ਪ੍ਰੇਰਕ
ਅੰਮ੍ਰਿਤਸਰ, 4 ਮਈ
ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਇੰਗਲੈਂਡ ਰਹਿੰਦੇ ਪਰਵਾਸੀ ਸਾਹਿਤਕਾਰ ਗੁਰਚਰਨ ਸੱਗੂ ਦਾ ਰੂ-ਬਰੂ ਕਰਵਾਇਆ ਗਿਆ ਅਤੇ ਉਸ ਦੀ ਪੁਸਤਕ ‘ਵੇਖਿਆ ਸ਼ਹਿਰ ਬੰਬਈ’ ਅਤੇ ਜਲੰਧਰ ਦੇ ਨੌਜਵਾਨ ਸ਼ਾਇਰ ਗੁਰਮੁੱਖ ਦੇ ਪਲੇਠੇ ਕਾਵਿ-ਸੰਗ੍ਰਹਿ ‘ਰਾਤ ਦੀ ਰਾਣੀ’ ਨੂੰ ਰਿਲੀਜ਼ ਕੀਤਾ ਗਿਆ। ਕਾਲਜ ਦੀ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਡਾ. ਹੀਰਾ ਸਿੰਘ ਮਾਹਿਮਾਨਾਂ ਨੂੰ ਜੀ ਆਇਆਂ ਕਿਹਾ। ਅੱਖਰ ਮੈਗਜ਼ੀਨ ਦੇ ਸੰਪਾਦਕ ਅਤੇ ਕਵੀ ਵਿਸ਼ਾਲ ਨੇ ਗੁਰਚਰਨ ਸੱਗੂ ਦੀ ਜਾਣ-ਪਛਾਣ ਕਰਵਾਈ।
ਰਾਤ ਦੀ ਰਾਣੀ ਪੁਸਤਕ ਬਾਰੇ ਵਿਭਾਗ ਦੇ ਪ੍ਰੋ. ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਹ ਪੁਸਤਕ ਕਵੀ ਦੀਆਂ ਅਸੀਮ ਸੰਭਾਵਨਾਵਾਂ ਦੀ ਗਵਾਹੀ ਭਰਦੀ ਹੈ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਜਲੰਧਰ ਸ਼ਹਿਰ ਵਿਚ ਗੁਰਮੁੱਖ ਸਿੰਘ ਅਜਿਹੇ ਨੌਜਵਾਨਾਂ ਦਾ ਸਾਥੀ ਹੈ ਜੋ ਸਾਹਿਤ ਰਚਨਾ ਅਤੇ ਸਾਹਿਤ ਅਧਿਐਨ ਨਾਲ ਨਿਰੰਤਰ ਜੁੜੇ ਰਹਿੰਦੇ ਹਨ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰਚਰਨ ਸੱਗੂ ਨੇ ਆਪਣੀ ਪੁਸਤਕ ਵਿਚ ਆਪਣੇ ਜੀਵਨ ਦਾ ਸੱਚ ਬਿਆਨ ਕੀਤਾ ਹੈ, ਜੋ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਹੈ। ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਦੋਵੇਂ ਸਾਹਿਤਕਾਰਾਂ ਦਾ ਧੰਨਵਾਦ ਕੀਤਾ।