ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 13 ਜੂਨ
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਹਲਕਾ ਉੱਤਰੀ ਦੀ ਵਾਰਡ ਨੰਬਰ 12 ਦੇ ਇਲਾਕੇ ਰਿਸ਼ੀ ਵਿਹਾਰ ਦੀ ਗਲੀ ਨੰਬਰ 4 ’ਚ ਕੰਕਟਰੀਟ ਦੀ ਸੜਕ ਬਣਾਉਣ ਅਤੇ ਵਾਰਡ ਨੰਬਰ 13 ਦੇ ਇਲਾਕੇ ਇੰਦਰਾ ਕਲੋਨੀ ਦੀਆਂ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਮੌਕੇ ’ਤੇ ਹੱਲ ਕਰਨ ਦੇ ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ।
ਇਸੇ ਦੌਰਾਨ ਮੇਅਰ ਵੱਲੋਂ ਹਲਕਾ ਉੱਤਰੀ ਦੀ ਵਾਰਡ ਨੰਬਰ 6 ਸਥਿਤ ਅਕਾਸ਼ ਐਵੇਨਿਊ ਵਿੱਚ 18 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਵੈੱਲ ਦੇ ਕੰਮ ਅਤੇ ਵਾਰਡ ਨੰਬਰ 7 ਦੀ ਹਾਊਸਿੰਗ ਬੋਰਡ ਕਲੋਨੀ ਵਿੱਚ ਨਵੇਂ ਬਣੇ ਟਿਊਬਵੈੱਲ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਵਾਰਡ ਨੰਬਰ 7 ਦੇ ਫੈਜ਼ਪੁਰਾ, ਜੰਤਪੁਰਾ, ਗਾਂਧੀ ਕਲੋਨੀ ਦੇ ਇਲਾਕਾ ਨਿਵਾਸੀਆਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਮਿਲੇਗੀ।
ਮੇਅਰ ਰਿੰਟੂ ਨੇ ਕਿਹਾ ਕਿ ਜੇ ਸ਼ਹਿਰ ਦੇ ਕਿਸੇ ਵੀ ਇਲਾਕੇ ’ਚ ਵਿਕਾਸ ਕਾਰਜ ਦੀ ਲੋੜ ਹੈ ਤਾਂ ਲੋਕ ਉਨ੍ਹਾਂ ਦੇ ਧਿਆਨ ’ਚ ਜ਼ਰੂਰ ਲਿਆਉਣ ਤਾਂ ਜੋ ਅੰਮ੍ਰਿਤਸਰ ਸ਼ਹਿਰ ਦਾ ਕੋਈ ਵੀ ਇਲਾਕਾ ਵਿਕਾਸ ਕਾਰਜਾਂ ਤੋਂ ਸੱਖਣਾ ਨਾ ਰਹੇ।
ਇਸ ਮੌਕੇ ਕੌਂਸਲਰ ਪ੍ਰਿੰਅਕਾ ਸ਼ਰਮਾ, ਰਿਤੇਸ਼ ਸ਼ਰਮਾ, ਪਵਨ ਕੁਮਾਰ, ਪੀ.ਕੇ ਸ਼ਰਮਾ, ਆਸ਼ਾ ਰਾਣੀ, ਸੁਨਾਲੀ ਸ਼ਰਮਾ, ਵਿਸ਼ਾਲ ਸ਼ਰਮਾ, ਮਨਜੀਤ ਸਿੰਘ, ਪੰਕਜ਼ ਸ਼ਰਮਾ, ਨਿਸ਼ਾ, ਐਕਸੀਅਨ ਭਲਿੰਦਰ ਸਿੰਘ, ਕੌਂਸਲਰ ਸ੍ਰੀਮਤੀ ਕਾਜ਼ਲ, ਕੌਂਸਲਰ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਬੋਬੀ, ਰਾਹੁਲ, ਰਾਮ ਪ੍ਰਧਾਨ, ਪੂਰਨ ਚੰਦ, ਐਡਵੋਕੇਟ ਅਰਸ਼ਦੀਪ ਗਿੱਲ, ਸਤਪਾਲ ਸਿੰਘ ਹੈਡਮਾਸਟਰ, ਹਰਦਿਆਲ ਸਿੰਘ, ਅਮਰਜੀਤ ਸਿੰਘ, ਹਰਪ੍ਰੀਤ ਸਿੰਘ, ਐਕਸੀਅਨ ਮਨਜੀਤ ਸਿੰਘ, ਜੇ.ਈ ਰਮਨ ਕੁਮਾਰ ਆਦਿ ਹਾਜ਼ਰ ਸਨ।
ਇਸੇ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੀ 30 ਨੰਬਰ ਵਾਰਡ ਵਿੱਚ ਕਰੀਬ ਇੱਕ ਕਰੋੜ 75 ਲੱਖ ਰੁਪਏ ਦੇ ਵਿਕਾਸ ਕੰਮ ਸ਼ੁਰੂ ਕਰਵਾਏ। ਚੇਅਰਮੈਨ ਬੱਸੀ ਨੇ ਦੱਸਿਆ ਕਿ ਵਾਰਡ ਦੇ ਇਲਾਕੇ ਮਾਲ ਮੰਡੀ ਏ ਅਤੇ ਬੀ ਬਲਾਕ ਦੀਆਂ ਸੜਕਾਂ, ਗਲੀਆਂ, ਨਾਲੀਆਂ ਤੇ ਪਾਰਕਾਂ ਦੇ ਸੁੰਦਰੀਕਰਨ ਲਈ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਵਿਕਾਸ ਕੰਮਾਂ ਦੀ ਮੰਗ ਕੀਤੀ ਜਾ ਰਹੀ ਸੀ।