ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇੱਕ ਵੱਡਾ ਜਥਾ ਅੱਜ ਇਥੋਂ ਜੈਕਾਰਿਆਂ ਤੇ ਨਾਅਰਿਆਂ ਨਾਲ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਲਈ ਰਵਾਨਾ ਹੋਇਆ। ਕਾਫ਼ਲੇ ਦੀ ਅਗਵਾਈ ਜਥੇਬੰਦੀ ਦੇ ਆਗੂ ਪਲਵਿੰਦਰ ਸਿੰਘ ਮਾਹਲ, ਬਾਬਾ ਕਰਮਜੀਤ ਸਿੰਘ ਅਟਾਰੀ ਤੇ ਡਾ. ਪਰਮਿੰਦਰ ਸਿੰਘ ਨੇ ਕੀਤੀ। ਕਾਫ਼ਲੇ ਵਿਚ ਕਾਰਾਂ, ਬੱਸਾਂ ਤੇ ਹੋਰ ਵਾਹਨ ਸ਼ਾਮਲ ਸਨ। ਕਾਫਲੇ ਨੂੰ ਇਥੋਂ ਪਿੰਡ ਨੰਗਲੀ ਤੋਂ ਦਿੱਲੀ ਲਈ ਰਵਾਨਾ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਬੀਜ ਕੇ ਵਿਹਲੇ ਹੋ ਗਏ ਹਨ ਅਤੇ ਹੁਣ ਮੁੜ ਦਿੱਲੀ ਬਾਰਡਰ ’ਤੇ ਵੱਡੀ ਲਾਮਬੰਦੀ ਕੀਤੀ ਜਾਵੇਗੀ। ਜਥੇ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਲ ਸਨ। ਉਨ੍ਹਾਂ ਦੇ ਨਾਲ ਕਿਸਾਨ ਆਗੂ ਕੁਲਬੀਰ ਸਿੰੰਘ, ਅਮੋਲਕ ਸਿੰਘ, ਹਰਜਿੰਦਰ ਸਿੰਘ, ਮਹਿਲ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਨੰਗਲੀ ਤੇ ਹੋਰ ਸ਼ਾਮਲ ਸਨ।