ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਜੂਨ
ਜ਼ਿਲ੍ਹਾ ਭਾਜਪਾ ਨੇ ਸੂਬੇ ’ਚ ਅਮਨ ਕਾਨੂੰਨ ਦੀ ਸਥਿਤੀ ਬਦੱਤਰ ਹੋਣ ਦਾ ਦੋਸ਼ ਲਾਉਂਦਿਆਂ ਇਥੇ ਹਾਥੀ ਗੇਟ ਚੌਕ ’ਚ ਸੂਬੇ ਦੀ ‘ਆਪ’ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੌਰਾਨ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਰੋਸ ਪ੍ਰਦਰਸ਼ਨ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਮਹਾਜਨ ਨੇ ਆਖਿਆ ਕਿ ਜਦੋਂ ਤੋਂ ਪੰਜਾਬ ’ਚ ‘ਆਪ’ ਸਰਕਾਰ ਬਣੀ ਹੈ, ਉਦੋਂ ਤੋਂ ਅਪਰਾਧ ਦੀਆਂ ਘਟਨਾਵਾਂ ਵਧ ਗਈਆਂ ਹਨ। ਪੁਲੀਸ ਦੀ ਨੱਕ ਹੇਠ ਗੈਂਗਸਟਰ ਤੇ ਅਪਰਾਧੀ ਅਮਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਦੰਗਲਾ ਪੰਜਾਬ ਬਣ ਗਿਆ ਹੈ।
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਪੰਜਾਬ ’ਚ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਵਿਰੁੱਧ ਭਾਜਪਾ ਨੇ ਅੱਜ ਕੰਪਨੀ ਬਾਗ ਚੌਕ ’ਚ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ। ਭਾਜਪਾ ਦੇ ਆਗੂ ਤੇ ਵਰਕਰ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਸੀ ਤੇ ਸੂਬੇ ’ਚ ਗੈਂਗਸਟਰਾਂ ਦੇ ਵਧ ਰਹੇ ਹਮਲਿਆਂ ਲਈ ਪੰਜਾਬ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਸਨ। ਇਸ ਧਰਨੇ ’ਚ ਜਲੰਧਰ ਦੇ ਸਾਬਕਾ ਮੇਅਰ ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਸੂਬਾ ਸਕੱਤਰ ਅਨਿਲ ਸੱਚਰ, ਸੂਬਾਈ ਬੁਲਾਰੇ ਮਹਿੰਦਰ ਭਗਤ, ਸਰਬਜੀਤ ਮੱਕੜ, ਸੁਰੇਂਦਰ ਮਹੇ, ਸੁਦਰਸ਼ਨ ਸੋਬਤੀ, ਰਮਨ ਪੱਬੀ, ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਸੰਨੀ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਨੇ ਕਿਹਾ ਕਿ ਅੱਜ ਦਿਨ-ਦਿਹਾੜੇ ਪੂਰੇ ਸੂਬੇ ’ਚ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨ।
ਹੁਸ਼ਿਆਰਪੁਰ (ਪੱਤਰ ਪ੍ਰੇਰਕ) ਪੰਜਾਬ ਵਿੱਚ ਵਿਗੜ ਚੁੱਕੀ ਅਮਨ ਕਾਨੂੰਨ ਦੀ ਸਥਿਤੀ ਤੇ ਰੋਜ਼ਾਨਾ ਹੋ ਰਹੀਆਂ ਹੱਤਿਆਵਾਂ ਦੇ ਵਿਰੋਧ ਵਿੱਚ ਭਾਜਪਾ ਵੱਲੋਂ ਅੱਜ ਸੂਬੇ ਵਿੱਚ ਕੀਤੇ ਗਏ ਪ੍ਰਦਰਸ਼ਨਾਂ ਦੀ ਕੜੀ ਵਿੱਚ ਅੱਜ ਇੱਥੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਜਪਾ ਵਰਕਰਾਂ ਨੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫ਼ੂਕਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਨਿਪੁੰਨ ਸ਼ਰਮਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਉਦੋਂ ਤੋਂ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲੀਸ ਦਾ ਕੋਈ ਖੌਫ਼ ਨਹੀਂ ਰਿਹਾ।
ਫਗਵਾੜਾ (ਪੱਤਰ ਪ੍ਰੇਰਕ) ਪੰਜਾਬ ’ਚ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਅੱਜ ਭਾਰਤੀ ਜਨਤਾ ਯੁਵਾ ਮੋਰਚਾ ਜ਼ਿਲ੍ਹਾ ਕਪੁਰਥਲਾ ਵੱਲੋਂ ਜ਼ਿਲ੍ਹਾ ਪ੍ਰਧਾਨ ਸੋਨੂੰ ਰਾਵਲਪਿੰਡੀ ਤੇ ਪਾਂਸ਼ਟਾ ਮੰਡਲ ਦੇ ਪ੍ਰਧਾਨ ਗਗਨਦੀਪ ਸੋਨੀ ਦੀ ਅਗਵਾਈ ਹੇਠ ਭਗਵੰਤ ਮਾਨ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬਾ ਇੰਚਾਰਜ ਰਾਘਵ ਚੱਢਾ ਦੇ ਪੁਤਲੇ ਫੂਕ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਰਾਜੀਵ ਪਾਹਵਾ, ਕੌਮੀ ਸਕੱਤਰ ਕਿਸਾਨ ਮੋਰਚਾ ਅਵਤਾਰ ਸਿੰਘ ਮੰਡ, ਮੰਡਲ ਫਗਵਾੜਾ ਦੇ ਪ੍ਰਧਾਨ ਪਰਮਜੀਤ ਪੰਮਾ ਵੀ ਸ਼ਾਮਲ ਹੋਏ।
ਮੁਕੇਰੀਆਂ (ਪੱਤਰ ਪ੍ਰੇਰਕ) ਭਾਜਪਾ ਵਲੋਂ ਸੂਬੇ ਅੰਦਰ ਵਿਗੜ ਰਹੀ ਕਾਨੂੰਨ-ਵਿਵਸਥਾ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਅਗਵਾਈ ’ਚ ਮਾਤਾ ਰਾਣੀ ਚੌਕ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸੰਜੀਵ ਮਿਨਹਾਸ, ਜੰਗੀ ਲਾਲ ਮਹਾਜਨ ਅਤੇ ਅਜੈ ਕੌਸ਼ਲ ਸੇਠੂ ਆਦਿ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ।
ਇਸਤਰੀ ਅਕਾਲੀ ਦਲ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪ੍ਰਦਰਸ਼ਨ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ) ਸੂਬੇ ’ਚ ਵਧ ਰਹੇ ਅਪਰਾਧ ਨੂੰ ਰੋਕਣ ਦੀ ਮੰਗ ਲਈ ਅੱਜ ਇਥੇ ਭੰਡਾਰੀ ਪੁਲ ’ਤੇ ਇਸਤਰੀ ਅਕਾਲੀ ਦਲ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਗਰੇਵਾਲ) ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਅਧਿਕਾਰੀਆਂ ਨਾਲ ਤਕਰਾਰ ਵੀ ਹੋਈ। ਰੋਸ ਪ੍ਰਦਰਸ਼ਨ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਕੌਰ ਸੋਹਲ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ’ਚ ਫੈਡਰੇਸ਼ਨ ਆਗੂ ਮਧੂਪਾਲ ਸਿੰਘ ਗੋਗਾ ਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਸੂਬੇ ’ਚ ਵਧ ਰਹੇ ਅਪਰਾਧ ਖ਼ਿਲਾਫ਼ ਸਤਰਾਂ ਲਿਖੀਆਂ ਸਨ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸਤਰੀ ਅਕਾਲੀ ਆਗੂ ਬੀਬੀ ਸੋਹਲ ਨੇ ਆਖਿਆ ਕਿ ਜਿਸ ਦਿਨ ਤੋਂ ‘ਆਪ’ ਸੱਤਾ ’ਚ ਆਈ ਹੈ, ਪੰਜਾਬ ਦਾ ਮਾਹੌਲ ਵਿਗੜ ਗਿਆ ਹੈ।