ਜਗਤਾਰ ਸਿੰਘ ਲਾਂਬਾ/ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 2 ਜੁਲਾਈ
ਸ਼ਹਿਰ ਨੂੰ ਹਰਿਆ ਭਰਿਆ ਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਭੂਰੀ ਵਾਲਾ ਸੰਪਰਦਾ ਵੱਲੋਂ ਤਰਨਤਾਰਨ ਰੋਡ ਦੇ ਡਿਵਾਈਡਰ ਨਹਿਰ ਤੋਂ ਚਾਟੀਵਿੰਡ ਚੌਕ ਤਕ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਭੂਰੀ ਵਾਲਾ ਸੰਪਰਦਾ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਨੇ ਨਗਰ ਨਿਗਮ ਦੀ ਕਮਿਸ਼ਨਰ ਕੋਮਲ ਮਿੱਤਲ ਕੋਲੋਂ ਬੂਟਾ ਲਾ ਕੇ ਕੀਤੀ।
ਇਸ ਮੌਕੇ ਮੈਡਮ ਮਿੱਤਲ ਨੇ ਕਿਹਾ ਕਿ ਧਰਤੀ ਅਤੇ ਮਨੁੱਖੀ ਜੀਵਨ ਦੀ ਹੋਂਦ ਵਾਸਤੇ ਵਾਤਾਵਰਨ ਦੀ ਮੌਲਿਕਤਾ ਨੂੰ ਕਾਇਮ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਪੌਦਿਆਂ ਦੀ ਸੰਭਾਲ ਲਈ ਸਹਿਯੋਗ ਦੇਣ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਜੇ ਮਨੁੱਖ ਨੇ ਵਾਤਾਵਰਨ ਦੀ ਸੁਹਿਰਦਤਾ ਨਾਲ ਸਾਂਭ ਸੰਭਾਲ ਨਾ ਕੀਤੀ ਤਾਂ ਭਵਿੱਖ ’ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਰਾਮ ਸਿੰਘ ਭਿੰਡਰ, ਕੌਂਸਲਰ ਦਲਬੀਰ ਸਿੰਘ, ਬਾਬਾ ਅਵਤਾਰ ਸਿੰਘ, ਐੱਸ.ਡੀ.ਓ. ਸਤਿੰਦਰ ਸਿੰਘ, ਐੱਸ.ਡੀ.ਓ.ਦਿਲਬਾਗ ਸਿੰਘ ਹਾਜ਼ਰ ਸਨ।