ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 13 ਦਸੰਬਰ
ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀਆਂ ਵਾਜਬ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਵਿਰੁੱਧ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਆਈਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਅੱਜ ਇੱਥੇ ਉਪ-ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓ.ਪੀ. ਸੋਨੀ ਦੇ ਘਰ ਵੱਲ ਮਾਰਚ ਕਰ ਕੇ ਉੱਥੇ ਹੀ ਦੋ ਦਿਨਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਪਹਿਲੇ ਦਿਨ ਇਕੱਠੀਆਂ ਹੋਈਆਂ ਹਜ਼ਾਰਾਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੀਆਂ ਸੂਬਾਈ ਕਨਵੀਨਰਾਂ ਪਰਮਜੀਤ ਕੌਰ ਮਾਨ, ਰਾਣੋ ਖੇੜੀ ਗਿੱਲਾਂ ਅਤੇ ਅਮਰਜੀਤ ਕੌਰ ਰਣਸਿੰਘਵਾਲਾ ਨੇ ਕਿਹਾ ਕਿ ਫਰਵਰੀ 2017 ਵਿੱਚ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਪੰਜਾਬ ਅੰਦਰ ਉਨ੍ਹਾਂ ਦੀ ਸਰਕਾਰ ਬਣਦਿਆਂ ਹੀ ਪੰਜਾਬ ਦੇ ਸਾਰੇ ਕੱਚੇ ਅਤੇ ਠੇਕਾ ਮੁਲਾਜ਼ਮਾਂ ਨੂੰ ਦੋ ਮਹੀਨਿਆਂ ਵਿੱਚ ਪੱਕਾ ਕੀਤਾ ਜਾਵੇਗਾ ਅਤੇ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਸਮੇਤ ਸਾਰੇ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦਿੱਤੀਆਂ ਜਾਣਗੀਆਂ, ਪ੍ਰੰਤੂ ਸਰਕਾਰ ਦੇ ਗਠਨ ਤੋਂ ਬਾਅਦ ਨਾ ਤਾਂ ਪਹਿਲੇ ਸਾਢੇ ਚਾਰ ਸਾਲ ਕੈਪਟਨ ਸਰਕਾਰ ਨੇ ਅਤੇ ਨਾ ਹੀ ਹੁਣ ਚੰਨੀ ਸਰਕਾਰ ਨੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਦੀ ਕੋਈ ਸਾਰ ਲਈ ਹੈ। ਰੈਲੀ ਵਿੱਚ ਸੁਖਵਿੰਦਰ ਕੌਰ ਮਾਨਸਾ, ਸਰਬਜੀਤ ਕੌਰ ਮਚਾਕੀ, ਲਖਵਿੰਦਰ ਕੌਰ ਝਬਾਲ, ਬਲਬੀਰ ਕੌਰ ਲੁਧਿਆਣਾ, ਸ਼ਕੁੰਤਲਾ ਸਰੋਏ, ਸੰਦੀਪ ਕੌਰ ਬਰਨਾਲਾ ਅਤੇ ਦੁਰਗੋ ਬਾਈ ਨੇ ਪੰਜਾਬ ਸਰਕਾਰ ਪਾਸੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ’ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰ ਕੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਘੱਟੋ ਘੱਟ ਉਜਰਤ 18000 ਰੁਪਏ ਅਤੇ ਫੈਸਿਲੀਟੇਟਰਾਂ ਨੂੰ 22000 ਰੁਪਏ ਦੇਣ, 10 ਸਾਲ ਦੀਆਂ ਸੇਵਾਵਾਂ ਪੂਰੀ ਕਰ ਚੁੱਕੇ ਸਮੂਹ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਪੱਕਾ ਕਰਨ ਅਤੇ ਸੇਵਾਮੁਕਤੀ ਦੌਰਾਨ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਮਿਲੀ ਆਖਰੀ ਤਨਖਾਹ ਤੋਂ ਅੱਧੀ ਪੈਨਸ਼ਨ ਦੇਣ ਦੀ ਮੰਗ ਕੀਤੀ। ਰੈਲੀ ਮੌਕੇ ਮਨਦੀਪ ਕੌਰ ਬਿਲਗਾ, ਸੁਖਵਿੰਦਰ ਕੌਰ ਹੁਸ਼ਿਆਰਪੁਰ, ਮਨਜਿੰਦਰ ਕੌਰ ਤਰਨ ਤਾਰਨ ਤੇ ਰੇਨੂੰ ਬੁਢਲਾਡਾ ਨੇ ਵੀ ਸੰਬੋਧਨ ਕੀਤਾ।