ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਜੁਲਾਈ
ਬਾਬਾ ਦੀਪ ਸਿੰਘ ਲੋਕ ਭਲਾਈ ਸੁਸਾਇਟੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਨਿੱਤ ਹੋ ਰਹੇ ਵਾਧੇ ਖ਼ਿਲਾਫ਼ ਅੱਜ ਵਿਅੰਗਮਈ ਢੰਗ ਨਾਲ ਰੋਸ ਵਿਖਾਵਾ ਕੀਤਾ। ਸੁਸਾਇਟੀ ਨੇ ਲੋਕਾਂ ਨੂੰ ਸਕੂਟਰ/ਮੋੋਟਰਸਾਈਕਲ ਵੇਚਣ ਅਤੇ ਸਾਈਕਲ ਖਰੀਦਣ ਦਾ ਹੋਕਾ ਦਿੱਤਾ। ਪ੍ਰਧਾਨ ਅਨਿਲ ਵਸ਼ਿਸ਼ਟ ਬੰਟੀ ਦੀ ਅਗਵਾਈ ਵਿੱਚ ਸੁਸਾਇਟੀ ਵੱਲੋਂ ਬਟਾਲਾ ਰੋਡ ’ਤੇ ਤੇਲ ਤੇ ਰਸੋਈ ਗੈਸ ਦੀਆਂ ਰੋਜ਼ਾਨਾ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਸੁਸਾਇਟੀ ਦੇ ਮੈਂਬਰਾਂ ਨੇ ਕੇਕ ਕੱਟਿਆ ਅਤੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ। ਸ੍ਰੀ ਵਸ਼ਿਸ਼ਟ ਨੇ ਦੱਸਿਆ ਕਿ ਮੋਟਰਸਾਈਕਲ ਅਤੇ ਕਾਰਾਂ ਵੇਚ ਕੇ ਹੁਣ ਸਾਈਕਲ ਰੱਖ ਲਏ ਹਨ ਤਾਂ ਜੋ ਸਰਕਾਰ ਨੂੰ ਹੋਸ਼ ਆ ਸਕੇ। ਉਨ੍ਹਾਂ ਨੇ ਲੋਕਾਂ ਨੂੰ ਵੀ ਹੋਕਾ ਦਿੱਤਾ ਕਿ ਉਹ ਅਜਿਹੇ ਮਹਿੰਗਾਈ ਦੇ ਦੌਰ ਵਿੱਚ ਜਦੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਨਿੱਤ ਵਾਧਾ ਹੋ ਰਿਹਾ ਹੈ ਤਾਂ ਲੋਕ ਆਪਣੇ ਵਾਹਨ ਵੇਚ ਦੇਣ ਅਤੇ ਸਾਈਕਲ ਲੈ ਲੈਣ। ਉਨ੍ਹਾਂ ਨੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਮਹਿੰਗਾਈ ਖ਼ਿਲਾਫ਼ ਪੋਸਟਰ ਵੀ ਚੁੱਕੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨਹੀਂ ਘਟਾਵੇਗੀ ਤਾਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਹੋਰ ਵੀ ਕੀਤੇ ਜਾਣਗੇ।