ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 19 ਮਈ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਦੋਸ਼ ਲਾਇਆ ਕਿ ਨਰੇਗਾ ਵਰਕਰਾਂ ਨੂੰ ਜਾਬ ਕਾਰਡ ਜਾਰੀ ਨਹੀਂ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਸਬੰਧ ਵਿਚ ਪੰਚਾਇਤ ਵਿਭਾਗ ਦੇ ਅਮਲੇ ਦੀ ਕਾਰਗੁਜ਼ਾਰੀ ’ਤੇ ਉਂਗਲ ਚੁੱਕੀ ਹੈ ਅਤੇ ਇਸ ਸਬੰਧ ਵਿਚ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਭੇਜ ਕੇ ਜਾਣੂ ਕਰਵਾਉਣ ਦਾ ਫ਼ੈਸਲਾ ਕੀਤਾ ਹੈ ਉਨ੍ਹਾਂ ਕਿਹਾ ਕਿ ‘ਨਰੇਗਾ’ ਦੇ ਵਰਕਰਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਚਾਇਤਾਂ ਦੀ ਕਾਰਗੁਜਾਰੀ ‘ਸੱਕੀ’ ਬਣ ਚੁੱਕੀ ਹੈ । ਉਨ੍ਹਾਂ ਦੱਸਿਆ ਕਿ 137 ਬਲਾਕ ਦੇ ਬੀਡੀਪੀਓਜ਼ ਦੇ ਖ਼ਿਲਾਫ ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾ ਦੋਸ਼ ਲਾਇਆ ਕਿ ਦਲਿਤ ਵਰਕਰਾਂ ਦਾ ਰੋਸ ਹੈ ਕਿ ਫਰਜ਼ੀ ਨਰੇਗਾ ਵਰਕਰ ਬਣਾ ਕੇ ਬਿਨਾਂ ਕੰਮ ਕੀਤੇ ਕੁਝ ਲੋਕਾਂ ਨੂੰ ਪੈਸੇ ਦਿਤੇ ਜਾ ਰਹੇ ਅਤੇ ਉਨ੍ਹਾਂ ਨੂੰ ਕੰਮ ਕਰਨ ਦੇ ਬਾਵਜੂਦ ਸਮੇਂ ਸਿਰ ਮਿਹਨਤਾਨੇ ਦੀ ਰਕਮ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਜੇ ਇਸ ਸਬੰਧ ਵਿਚ ਯੋਗ ਕਾਰਵਾਈ ਨਾ ਹੋਈ ਤਾਂ ਕਮਿਸ਼ਨ ਇਸ ਮਾਮਲੇ ਨੂੰ ਲੈ ਕੇ ਵਿਜੀਲੈਂਸ ਵਿਭਾਗ ਕੋਲੋ ਜਾਂਚ ਕਰਵਾਉਣ ਲਈ ਕਾਰਵਾਈ ਕਰੇਗਾ। ਉਨ੍ਹਾਂ ਡੀਸੀ’ਜ਼ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਯੋਜਨਾਂਵਾਂ ਦੇ ਲਾਭਪਾਤਰੀਆਂ ਨੂੰ ਬਣਦਾ ਲਾਭ ਦੇਣ ਲਈ ਬਲਾਕ ਪੱਧਰ ’ਤੇ ਜਾਣਕਾਰੀ ਦੇਣ ਲਈ ਸੈਮੀਨਾਰ ਜਾ ਜਾਗ੍ਰਿਤੀ ਕੈਂਪ ਲਾਏ ਜਾਣ ।