ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਅਗਸਤ
ਭੋਪਾਲ ਤੋਂ ਸ਼ਿਕਲੀਗਰ ਅਤੇ ਵਣਜਾਰੇ ਸਿੱਖਾਂ ਦਾ ਲਗਪਗ 315 ਮੈਂਬਰਾਂ ਦਾ ਜਥਾ ਇਥੇ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਲਈ ਪੁੱਜਿਆ। ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਤਰੱਕੀ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਤਹਿਤ ਇਨ੍ਹਾਂ ਦੇ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਅਤੇ ਇਨ੍ਹਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾਂਦੀ ਹੈ। ਇਸੇ ਤਹਿਤ ਅੱਜ ਭੋਪਾਲ ਤੋਂ ਜਥਾ ਦਲੀਪ ਸਿੰਘ ਦੀ ਅਗਵਾਈ ਹੇਠ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜਿਆ। ਜਥੇ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੀ-ਆਇਆਂ ਕਿਹਾ। ਇਹ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, , ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਮੇਤ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁੱਜਿਆ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਦੇ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਲਈ ਉਨ੍ਹਾਂ ਦੀਆਂ ਸਕੂਲ ਫੀਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਇਨ੍ਹਾਂ ਪਰਿਵਾਰਾਂ ਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ ਸੀ। ਜਥੇ ਦੇ ਆਗੂ ਦਲੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਮਾਣ-ਸਨਮਾਣ ਅਤੇ ਵੱਖ-ਵੱਖ ਗੁਰਦੁਆਰਿਆਂ ਦੀ ਯਾਤਰਾ ਲਈ ਕੀਤੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਧੰਨਵਾਦ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੁਖਵਰ ਸਿੰਘ ਪੰਨੂ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਮੌਜੂਦ ਸਨ।