ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਅਗਸਤ
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਪੰਜਾਬ ਹਿਊਮਨ ਰਾਈਟਸ ਦੇ ਪ੍ਰਧਾਨ ਬੀਬੀ ਜਸਵਿੰਦਰ ਕੌਰ ਸੌਹਲ ਦੀ ਅਗਵਾਈ ਹੇਠ ਸਿੱਖ ਕਾਰਕੁਨਾਂ ਨੇ ਅੱਜ ਇਥੇ ਭੰਡਾਰੀ ਪੁਲ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਸਬੰਧੀ ਵੱਡਾ ਫਲੈਕਸ ਬੋਰਡ ਸਥਾਪਤ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਅਜਿਹੇ ਬੋਰਡ ਗੁਰਦੁਆਰਿਆਂ ਤੇ ਆਪਣੇ ਵਿਦਿਅਕ ਅਦਾਰਿਆ ਵਿਚ ਵੀ ਲਾਏ ਜਾ ਰਹੇ ਹਨ । ਅਜ ਇਥੇ ਭੰਡਾਰੀ ਪੁਲ ’ਤੇ ਇਹ ਬੋਰਡ ਸਥਾਪਤ ਕਰਦਿਆ ਗੁਰਚਰਨ ਸਿੰਘ ਗਰੇਵਾਲ ਅਤੇ ਬੀਬੀ ਜਸਵਿੰਦਰ ਕੌਰ ਸੌਹਲ ਨੇ ਕਿਹਾ ਕਿ ਦੇਸ਼ ਅੱਜ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਦੇਸ਼ ਦੀ ਆਜ਼ਾਦੀ ’ਚ ਵੱਡਾ ਯੋਗਦਾਨ ਪਾਉਣ ਵਾਲੀ ਸਿੱਖ ਕੌਮ ਦੇ ਨਾਇਕ ਅਣਗੌਲੇ ਕੀਤੇ ਜਾ ਰਹੇ ਹਨ। ਦੇਸ਼ ਅੰਦਰ ਸਿੱਖਾਂ ਨਾਲ ਹੋ ਰਿਹਾ ਵਿਤਕਰਾ ਜੱਗ ਜਾਹਿਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਤੋਂ ਆਏ ਆਦੇਸ਼ਾਂ ਦੀ ਪਾਲਣਾ ਕਰਦਿਆਂ ਅੰਮ੍ਰਿਤਸਰ ਸ਼ਹਿਰ ਅੰਦਰ ਭੰਡਾਰੀ ਪੁਲ ’ਤੇ ਬੰਦੀ ਸਿੰਘਾਂ ਪ੍ਰਤੀ ਜਾਣਕਾਰੀ ਦੇਣ ਵਾਲਾ ਬੋਰਡ ਲਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਆਜ਼ਾਦੀ ਦਾ ਜਸ਼ਨ ਜ਼ਰੂਰ ਮਨਾਉਣਾ ਚਾਹੀਦਾ ਹੈ ਪਰ ਕੌਮ ਨਾਲ ਹੋ ਰਹੇ ਵਿਤਕਰੇ ਖਿਲਾਫ਼ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਰਾਜਿੰਦਰ ਸਿੰਘ ਮਰਵਾਹ ,ਮਨਜੀਤ ਸਿੰਘ ਸੈਣੀ, ਸਰਵਣ ਸਿੰਘ ਮਾਹਲ ਹਾਜ਼ਰ ਸਨ।