ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਜੁਲਾਈ
ਆਈਸੀਐਸਈ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੇਨਿਊ ਦੀ ਵਿਦਿਆਰਥਣ ਦਮਨਦੀਪ ਕੌਰ ਨੇ 98.8 ਫੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਕੁੱਲ ਪੰਜ ਸੌ ਅੰਕਾਂ ਵਿੱਚੋਂ 494 ਅੰਕ ਪ੍ਰਾਪਤ ਕੀਤੇ ਹਨ। ਦੂਜੇ ਸਥਾਨ ’ਤੇ ਜ਼ਿਲ੍ਹੇ ਦੇ ਚਾਰ ਵਿਦਿਆਰਥੀ ਰਹੇ ਹਨ, ਜਿਨ੍ਹਾਂ ਵਿੱਚ ਇਸੇ ਸਕੂਲ ਦਾ ਇਸ਼ਪ੍ਰੀਤ ਸਿੰਘ ਅਤੇ ਹੋਲੀ ਹਾਰਟ ਸਕੂਲ ਦੇ ਕਰਮਨ ਸਿੰਘ, ਕੀਰਤੀ ਤੇ ਵਰਸ਼ਾ ਸ਼ਾਮਲ ਹਨ ਜਿਨ੍ਹਾਂ ਨੇ 98.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਸਾਰਿਆਂ ਨੇ ਕੁੱਲ 493 ਅੰਕ ਪ੍ਰਾਪਤ ਕੀਤੇ ਹਨ। ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਸੇਕਰਡ ਹਾਰਟ ਸਕੂਲ ਦੀ ਖੁਸ਼ੀ ਕਪੂਰ ਨੇ 98.4 ਫ਼ੀਸਦੀ ਅੰਕਾਂ ਨਾਲ ਪ੍ਰਾਪਤ ਕੀਤਾ ਹੈ, ਉਸ ਨੇ 492 ਅੰਕ ਪ੍ਰਾਪਤ ਕੀਤੇ ਹਨ।
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਬਸੰਤ ਐਵਿਨਿਊ ਦੀ ਸਰਗੁਣ ਕੌਰ ਨੇ 97.8 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ, ਹਰਮਨਦੀਪ ਕੌਰ ਨੇ 97.6 ਫ਼ੀਸਦੀ ਅੰਕਾਂ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਜਗਜੀਤ ਸਿੰਘ ਤੇ ਸੁਖਜਿੰਦਰ ਸਿੰਘ ਪ੍ਰਿੰਸ ਵਿਦਿਆਰਥੀਆਂ, ਸਕੂਲ ਸਟਾਫ਼ ਤੇ ਪ੍ਰਿੰਸੀਪਲ ਨਿਰਮਲ ਕੌਰ ਨੂੰ ਵਧਾਈ ਦੇਣ ਪੁੱਜੇ ਅਤੇ ਉਨ੍ਹਾਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਚੀਫ਼ ਖਾਲਸਾ ਦੀਵਾਨ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ ਅਤੇ ਸਕੂਲ ਮੈਂਬਰ ਇੰਚਾਰਜ ਰਣਦੀਪ ਸਿੰਘ ਤੇ ਰਮਿੰਦਰ ਕੌਰ ਨੇ ਵੀ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ।
ਜਲੰਧਰ (ਪਾਲ ਸਿੰਘ ਨੌਲੀ): ਆਈਸੀਐੱਸਈ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਆਏ ਨਤੀਜਿਆਂ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਚੋਟੀਆਂ ਦੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੀਆਂ ਪੰਜ ਲੜਕੀਆਂ ਇੱਥੋਂ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਹਨ। ਅਨੰਨਿਆ ਸ਼ਰਮਾ ਨੇ 99 ਫੀਸਦੀ ਅੰਕਾਂ ਨਾਲ ਜਲੰਧਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਹਰਸ਼ਿਤਾ ਤੇ ਅੰਸ਼ਿਕਾ ਕੋਹਲੀ ਨੇ 99.8 ਫੀਸਦੀ ਅੰਕ ਪ੍ਰਾਪਤ ਕਰ ਕੇ ਸਾਂਝੇ ਤੌਰ ’ਤੇ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਤੀਸਰਾ ਸਥਾਨ ਧਰੁਵਾ ਗਰਗ ਅਤੇ ਹਰਸੀਰਤ ਕੌਰ ਪੰਨੂ ਨੇ ਵੀ ਇਕੱਠਿਆਂ ਹਾਸਲ ਕੀਤਾ ਹੈ ਜਿਨ੍ਹਾਂ ਨੇ 98.4 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦਾ ਨਤੀਜਾ ਸੌ ਫ਼ੀਸਦੀ ਰਿਹਾ
ਧਾਰੀਵਾਲ (ਸੁੱਚਾ ਸਿੰਘ ਪਸਨਾਵਾਲ): ਆਈ.ਸੀ.ਐੱਸ.ਈ. ਬੋਰਡ ਨਵੀਂ ਦਿੱਲੀ ਵੱਲੋਂ ਦਸਵੀਂ ਕਲਾਸ ਦੇ ਐਲਾਨੇ ਨਤੀਜਿਆਂ ਵਿੱਚ ਲਿਟਲ ਫਲਾਵਰ ਕਾਨਵੈਂਟ ਸਕੂਲ ਧਾਰੀਵਾਲ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਇਸ ਸਬੰਧੀ ਸਕੂਲ ਡਾਇਰੈਕਟਰ ਫਾਦਰ ਜੋਸ ਪਡਿਆਟੀ ਅਤੇ ਪ੍ਰਿੰਸੀਪਲ ਸਿਸਟਰ ਰਜੀਨਾ ਪੌਲ ਨੇ ਦੱਸਿਆ ਕਿ ਸਕੂਲ ਵਿੱਚੋਂ ਮੁਸਕਾਨ ਸਿਆਲ ਨੇ 97.2 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ, ਸ਼ਰੇਆ ਨੇ 96.6 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਰਿਤੇਸ਼ ਓਬਰਾਏ ਨੇ 94.4 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਾਲ ਸਕੂਲ ਦੇ 123 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਬੱਚੇ ਚੰਗਾਂ ਅੰਕਾਂ ਨਾਲ ਪਾਸ ਹੋਏ ਹਨ। ਇਸੇ ਤਰ੍ਹਾਂ ਇੱਥੋਂ ਦੇ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ (ਧਾਰੀਵਾਲ) ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ। ਪ੍ਰਿੰਸੀਪਲ ਡਾ. ਰਵਨੀਤ ਕੌਰ, ਚੇਅਰਮੈਨ ਤਰਸੇਮ ਸਿੰਘ ਅਤੇ ਡਾਇਰੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਨੇ 95.8 ਫ਼ੀਸਦੀ ਅੰਕ ਲੈ ਕੇ ਪਹਿਲਾ, ਅਰਪਣਦੀਪ ਕੌਰ 94.8 ਫ਼ੀਸਦੀ ਅੰਕ ਲੈ ਕੇ ਦੂਜਾ, ਗੁਰਲੀਨ ਕੌਰ 93.2 ਫ਼ੀਸਦੀ ਅੰਕ ਲੈ ਕੇ ਤੀਸਰਾ ਅਤੇ ਇਸ਼ਮੀਤ ਕੌਰ ਨੇ 93 ਫ਼ੀਸਦੀ ਅੰਕ ਲੈ ਕੇ ਚੌਥਾ ਸਥਾਨ ਪ੍ਰਾਪਤ ਕੀਤਾ।