ਨਵੀਂ ਦਿੱਲੀ, 20 ਸਤੰਬਰ
ਡਿਜੀਟਲ ਅਦਾਇਗੀ ਕੰਪਨੀ ‘ਪੇਅਟੀਐਮ’ ਨੇ ਦਾਅਵਾ ਕੀਤਾ ਹੈ ਕਿ ‘ਗੂਗਲ’ ਪਲੇਅ ਸਟੋਰ ਦੇ ਨੇਮਾਂ ਨੇ ਕੰਪਨੀ ’ਤੇ ਯੂਪੀਆਈ ਕੈਸ਼ਬੈਕ ਤੇ ਸਕਰੈਚ ਕਾਰਡ ਮੁਹਿੰਮ ਵਾਪਸ ਲੈਣ ਦਾ ਦਬਾਅ ਬਣਾਇਆ ਸੀ ਜੋ ਕਿ ਭਾਰਤ ਵਿਚ ਕਾਨੂੰਨੀ ਤੌਰ ’ਤੇ ਜਾਇਜ਼ ਹੈ।
ਕੰਪਨੀ ਨੇ ਇਕ ਬਲੌਗ ਵਿਚ ਦੋਸ਼ ਲਾਇਆ ਹੈ ਕਿ ਗੂਗਲ ਨੇ ‘ਪੇਅਟੀਐਮ’ ਨੂੰ ਮਜਬੂਰ ਕੀਤਾ ਹੈ ਜਦਕਿ ਖ਼ੁਦ ਗੂਗਲ ਪੇਅ ਇਸੇ ਤਰ੍ਹਾਂ ਦੀ ਕ੍ਰਿਕਟ ਅਧਾਰਿਤ ਪ੍ਰਮੋਸ਼ਨ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗੂਗਲ ਨੇ 18 ਸਤੰਬਰ ਨੂੰ ਨਵੀਂ ਨੀਤੀ ਜਾਰੀ ਕਰ ਕੇ ਪਲੇਅ ਸਟੋਰ ਤੋਂ ਅਦਾਇਗੀ ਕੰਪਨੀ ਦੀ ਐਪ ਹਟਾ ਦਿੱਤੀ ਸੀ। ‘ਪੇਅਟੀਐਮ’ ਨੇ ਜਦ ਆਪਣੀ ਮੁਹਿੰਮ ਵਾਪਸ ਲੈ ਲਈ ਤਾਂ ਐਪ ਨੂੰ ਗੂਗਲ ਨੇ ਬਹਾਲ ਕਰ ਦਿੱਤਾ। ‘ਪੇਅਟੀਐਮ’ ਨੇ ਇਹ ਪ੍ਰਮੋਸ਼ਨ ਮੁਹਿੰਮ ਆਈਪੀਐਲ ਦੇ ਮੱਦੇਨਜ਼ਰ ਸ਼ੁਰੂ ਕੀਤੀ ਸੀ। -ਪੀਟੀਆਈ