ਨਵੀਂ ਦਿੱਲੀ, 5 ਮਈ
ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਪੁਲੀਸ ਮੁਖੀ ਕੇ ਵੀ ਰਾਜੇਂਦਰਨਾਥ ਰੈੱਡੀ ਨੂੰ ਤੁਰੰਤ ਪ੍ਰਭਾਵ ਤੋਂ ਬਦਲਣ ਦੇ ਅੱਜ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਸੂਤਰਾਂ ਵੱਲੋਂ ਦਿੱਤੀ ਗਈ ਹੈ। ਸੂਤਰਾਂ ਮੁਤਾਬਕ, ਚੋਣ ਅਧਿਕਾਰੀਆਂ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਇਸ ਅਹੁਦੇ ’ਤੇ ਤਾਇਨਾਤੀ ਲਈ ਡੀਜੀਪੀ ਰੈਂਕ ਦੇ ਤਿੰਨ ਯੋਗ ਭਾਰਤੀ ਪੁਲੀਸ ਸੇਵਾ ਅਧਿਕਾਰੀਆਂ ਦੇ ਨਾਮ ਸੋਮਵਾਰ ਤੱਕ ਭੇਜੇ ਜਾਣ। ਚੋਣ ਕਮਿਸ਼ਨ ਦੇ ਇਸ ਕਦਮ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ। ਆਂਧਰਾ ਪ੍ਰਦੇਸ਼ ਵਿੱਚ 175 ਮੈਂਬਰੀ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ 25 ਸੀਟਾਂ ’ਤੇ ਇੱਕ ਸਮੇਂ 13 ਮਈ ਨੂੰ ਵੋਟਾਂ ਪੈਣਗੀਆਂ। ਇਸ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਇਸ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਕਨਕਮੇਡਾਲਾ ਰਵਿੰਦਰ ਕੁਮਾਰ ਨੇ ਚੋਣ ਕਮਿਸ਼ਨ ਨੂੰ ਪੱਤਰ ਲਿੱਖ ਕੇ ਵਿਜੈਵਾੜਾ ’ਚ ਵਾਪਰੇ ਹਾਦਸੇ ਵੱਲ ਧਿਆਨ ਦਿਵਾਇਆ ਸੀ ਜਿਸ ’ਚ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਬੱਸ ’ਤੇ ਪੱਥਰਾਅ ਕੀਤਾ ਗਿਆ ਸੀ। -ਪੀਟੀਆਈ