ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 9 ਜੁਲਾਈ
ਬਿਜਲੀ ਵਿਭਾਗ ਵੱਲੋਂ ਪਿਛਲੇ 6 ਦਿਨਾਂ ਤੋਂ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਮਾਛੀਵਾੜਾ ਸਬ-ਤਹਿਸੀਲ ਦਫ਼ਤਰ ਦਾ ਕੁਨੈਕਸ਼ਨ ਕੱਟ ਦਿੱਤਾ ਹੈ ਜਿਸ ਕਾਰਨ ਜਿੱਥੇ ਲੋਕ ਤਾਂ ਪ੍ਰੇਸ਼ਾਨ ਹੋ ਰਹੇ ਹਨ ਉਥੇ ਦਫ਼ਤਰ ’ਚ ਕੰਮ ਕਰਨ ਵਾਲੇ ਪਟਵਾਰੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਉਨ੍ਹਾਂ ਹੜਤਾਲ ਕਰ ਦਿੱਤੀ ਹੈ।
ਮਾਛੀਵਾੜਾ ਸਬ-ਤਹਿਸੀਲ ’ਚ ਕੰਮ ਕਰਦੇ ਕੀਮਤੀ ਲਾਲ, ਹਰਮਨ ਸਿੰਘ, ਪ੍ਰਿਤਪਾਲ ਸਿੰਘ ਵਿਰਕ ਅਤੇ ਹੋਰਨਾਂ ਨੇ ਦੱਸਿਆ ਕਿ ਬਿਜਲੀ ਕੁਨੈਕਸ਼ਨ ਕੱਟੇ ਜਾਣ ਕਾਰਨ ਉਨ੍ਹਾਂ ਦੇ ਦਫ਼ਤਰ ’ਚ ਲਾਈਟ ਨਾ ਹੋਣ ਕਾਰਨ ਨਾ ਪੱਖੇ ਚੱਲਦੇ ਹਨ ਅਤੇ ਨਾ ਹੀ ਰੌਸ਼ਨੀ ਦਾ ਪ੍ਰਬੰਧ ਹੈ। ਪਟਵਾਰੀਆਂ ਅਨੁਸਾਰ ਅੱਜ-ਕੱਲ੍ਹ ਹੁੰਮਸ ਭਰੀ ਗਰਮੀ ਅਤੇ ਉਪਰੋਂ ਬਿਜਲੀ ਨਾ ਹੋਣ ਕਾਰਨ ਦਫ਼ਤਰਾਂ ’ਚ ਬੈਠ ਕੇ ਕੰਮ ਕਰਨਾ ਸੰਭਵ ਨਹੀਂ ਇਸ ਲਈ ਜਦੋਂ ਤੱਕ ਬਿਜਲੀ ਦਾ ਪ੍ਰਬੰਧ ਨਹੀਂ ਹੋ ਜਾਂਦਾ ਉਨ੍ਹਾਂ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ।
ਪਟਵਾਰੀਆਂ ਅਨੁਸਾਰ ਪੰਜਾਬ ਸਰਕਾਰ ਦਾ ਮਾਲ ਵਿਭਾਗ ਸਰਕਾਰੀ ਖ਼ਜ਼ਾਨੇ ’ਚ ਰੋਜ਼ਾਨਾ ਕਰੋੜਾਂ ਰੁਪਏ ਜਮ੍ਹਾਂ ਕਰਵਾਉਂਦਾ ਹੈ ਪਰ ਉਸ ਦੇ ਹੀ ਦਫ਼ਤਰ ਦੇ ਤਿੰਨ ਲੱਖ ਦੇ ਬਿਜਲੀ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਕੱਟ ਦੇਣਾ ਬਹੁਤ ਹੀ ਮੰਦਭਾਗਾ ਹੈ। ਦੂਸਰੇ ਪਾਸੇ ਮਾਛੀਵਾੜਾ ਸਬ-ਤਹਿਸੀਲ ’ਚ ਕੰਮ ਕਰਵਾਉਣ ਆਉਂਦੇ ਲੋਕਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਅਤੇ ਪਟਵਾਰੀਆਂ ਦੀ ਹੜਤਾਲ ਹੋਣ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਰਹੇ।
ਊੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ: ਨਾਇਬ ਤਹਿਸੀਲਦਾਰ
ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ ਦੱਸਿਆ ਕਿ ਬਿਜਲੀ ਬਿੱਲ ਕੱਟੇ ਜਾਣ ਅਤੇ ਇਸ ਦੀ ਅਦਾਇਗੀ ਸਬੰਧੀ ਉੱਚ ਅਧਿਕਾਰੀਆਂ ਨੂੰ ਪੰਜ ਦਿਨ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਜਰਨੇਟਰ ਚਲਾ ਕੇ ਰਜਿਸਟਰੀਆਂ ਦਾ ਕੰਮ ਚਲਾਇਆ ਜਾ ਰਿਹਾ ਹੈ ਤਾਂ ਜੋ ਸਰਕਾਰ ਦਾ ਮਾਲੀਆ ਨੁਕਸਾਨ ਨਾ ਹੋਵੇ ਪਰ ਹੁਣ ਪਟਵਾਰੀਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਿਸ ਲਈ ਉਹ ਜਲਦੀ ਹੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਬਿੱਲ ਦੀ ਅਦਾਇਗੀ ਲਈ ਯਤਨ ਕਰਨਗੇ।