ਦੋਰਾਹਾ: ਇੱਥੋਂ ਦੇ ਦੋਰਾਹਾ ਪੁਲ ਨੇੜੇ ਬੀਤੀ ਰਾਤ ਇਕ ਕਾਰ ਨਹਿਰ ਵਿਚ ਡਿੱਗ ਗਈ। ਰਾਹਗੀਰਾਂ ਅਨੁਸਾਰ ਇਹ ਕਾਰ ਤੇਜ਼ ਰਫ਼ਤਾਰ ਆ ਰਹੀ ਸੀ ਅਤੇ ਨਹਿਰ ਕਿਨਾਰੇ ਰੇਲਿੰਗ ਨਾ ਹੋਣ ਕਾਰਨ ਨਹਿਰ ’ਚ ਜਾ ਡਿੱਗੀ। ਰਾਤ ਦਾ ਸਮਾਂ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜਾਂ ਵਿਚ ਰੁਕਾਵਟ ਆਈ। ਥਾਣਾ ਦੋਰਾਹਾ ਦੇ ਇੰਸਪੈਕਟਰ ਰੋਹਿਤ ਸ਼ਰਮਾ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਅੱਜ ਤੜਕੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ। ਕਾਰ ਵਿਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ ਜੋ ਫਿਰੋਜ਼ਪੁਰ ਸ਼ਹਿਰ ਦਾ ਵਾਸੀ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਕਾਲੂ ਰਾਮ (40) ਵਜੋਂ ਹੋਈ ਹੈ। ਕਾਰ ’ਚ ਦੋ ਵਿਅਕਤੀ ਸਵਾਰ ਸਨ। ਕਾਰ ਦੇ ਟੁੱਟੇ ਸ਼ੀਸ਼ੇ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੂਜਾ ਵਿਅਕਤੀ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਿਆ ਹੈ, ਜਿਸ ਦੀ ਭਾਲ ਕੀਤੀ ਜਾਰੀ ਹੈ ਤੇ ਉਸ ਵਿਅਕਤੀ ਦਾ ਨਾਂ ਚੰਦਰ ਸ਼ੇਖਰ ਵਾਸੀ ਫ਼ਿਰੋਜ਼ਪੁਰ ਦੱਸਿਆ ਜਾ ਰਿਹਾ ਹੈ। -ਪੱਤਰ ਪ੍ਰੇਰਕ