ਖੇਤਰੀ ਪ੍ਰਤੀਨਿਧ
ਲੁਧਿਆਣਾ, 29 ਅਪਰੈਲ
ਪੀਏਯੂ ਐੱਸਸੀ/ਬੀਸੀ ਐਂਪਲਾਈਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੀਏਯੂ ਵਿੱਚ ਭਾਰਤ ਰਤਨ ਬਾਬਾ ਸਾਹਿਬ ਡਾ. ਬੀ ਆਰ ਅੰਬੇਡਕਰ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ (ਆਈਏਐੱਸ) ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਐਸੋਸੀਏਸ਼ਨ ਦੇ ਪ੍ਰਧਾਨ ਸਵਰਨ ਸਿੰਘ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਅਜਿਹੇ ਸਮਾਗਮਾਂ ’ਚ ਐੱਸਸੀ/ਬੀਸੀ ਸਮਾਜ ਦੇ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ ਕੀਤੇ ਜਾਂਦੇ ਹਨ।
ਸਮਾਗਮ ਦੌਰਾਨ ਡਾ. ਗੋਸਲ ਨੇ ਕਿਹਾ ਕਿ ਕਿਸੇ ਵੀ ਸੰਸਥਾ ਨੂੰ ਕਾਮਯਾਬ ਕਰਨ ਵਿੱਚ ਸਾਰੇ ਵਰਗਾਂ ਦਾ ਬਰਾਬਰ ਯੋਗਦਾਨ ਹੁੰਦਾ ਹੈ। ਇਸ ਲਈ ਉੱਚੀਆਂ-ਨੀਵੀਆਂ ਜਾਤਾਂ ਦੇ ਭੇਦਭਾਵ ਤੋਂ ਬਾਹਰ ਨਿਕਲ ਕੇ ਆਪਣੀ ਸੰਸਥਾ ਨੂੰ ਉਪਰ ਲੈ ਕੇ ਜਾਣ ਬਾਰੇ ਸੋਚਣਾ ਚਾਹੀਦਾ ਹੈ। ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਨੇ ਵੱਖ-ਵੱਖ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਵੀ ਭਾਰਤ ਦੇ ਵਿਕਾਸ ਲਈ ਕੰਮ ਕੀਤੇ ਅਤੇ ਇਸ ਲਈ ਉਨ੍ਹਾਂ ਤੋਂ ਇੱਕ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ਡਾਇਰੈਕਟਰ ਸਟੂਡੈਂਟਸ ਵੈਲਫੇਅਰ ਡਾ. ਨਿਰਮਲ ਜੌੜਾ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੇ ਭੇਦਭਾਵ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ, ਸਮਾਜ ਅਤੇ ਆਪਣੀ ਸੰਸਥਾ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ। ਇਨ੍ਹਾਂ ਤੋਂ ਇਲਾਵਾ ਅਵਤਾਰ ਚੰਦ, ਸੁਖਪਾਲ ਸਿੰਘ, ਸੋਹਣ ਸਿੰਘ, ਪ੍ਰੋਫੈਸਰ ਹਰਨੇਕ ਸਿੰਘ, ਡਾ. ਨਿਰਮਲ ਸਿੰਘ, ਹਰਮੇਸ਼ ਸਿੰਘ, ਚੌਧਰੀ ਸੁਰਿੰਦਰਪਾਲ ਮੀਲੂ ਅਤੇ ਜਤਿੰਦਰ ਰਾਏ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਵੱਲੋਂ ਬਾਬਾ ਸਾਹਿਬ ਦੀ ਜੀਵਨੀ ਤੇ ‘ਦਿ ਗ੍ਰੇਟ ਅੰਬੇਡਕਰ’ ਨਾਟਕ ਦੀ ਪੇਸ਼ਕਾਰੀ ਕੀਤੀ।