ਗੁਰਮੀਤ ਸਿੰਘ*
ਉੱਲੂ ਦੀ ਇਕ ਕਿਸਮ ਨੂੰ ਕਈ ਸਾਲਾਂ ਬਾਅਦ ਪੰਛੀ ਪ੍ਰੇਮੀਆਂ ਨੇ ਪੰਜਾਬ ਵਿਚ ਵੇਖਿਆ ਹੈ। ਇਸ ਨੂੰ ਪੰਜਾਬੀ ਵਿਚ ਘੋਨਾ ਉੱਲੂ, ਅੰਗਰੇਜ਼ੀ ਵਿਚ ਮੌਟਲਡ ਵੁੱਡ ਆਉਲ (Mottled wood owl) ਅਤੇ ਹਿੰਦੀ ਵਿਚ ਗਿਰਨਾਰੀ ਘੁੱਗੂ ਕਿਹਾ ਜਾਂਦਾ ਹੈ। ਇਸ ਦੀਆਂ ਤਿੰਨ ਉਪ ਪ੍ਰਜਾਤੀਆਂ ਹਨ। ਇਹ ਭਾਰਤ ਅਤੇ ਪੱਛਮੀ ਬਰਮਾ ਵਿਚ ਪਾਈਆਂ ਜਾਂਦੀਆਂ ਹਨ। ਘੋਨਾ ਉੱਲੂ ਆਮ ਤੌਰ ’ਤੇ ਰਾਤ ਦਾ ਪੰਛੀ ਹੈ। ਦਿਨ ਵੇਲੇ ਇਹ ਪੌਦਿਆਂ ਦੇ ਵਿਚਕਾਰ ਲੁਕੀ ਹੋਈ ਸ਼ਾਖਾ ’ਤੇ ਇਕੱਲਾ ਜਾਂ ਜੋੜੀ ਨਾਲ ਲੁਕ ਕੇ ਬੈਠਾ ਵੇਖਿਆ ਜਾ ਸਕਦਾ ਹੈ। ਘੋਨਾ ਉੱਲੂ ਇਕ ਵੱਡਾ ਉੱਲੂ ਹੈ, ਜਿਸਦੀ ਲੰਬਾਈ 40 ਤੋਂ 50 ਸੈਂਟੀਮੀਟਰ ਅਤੇ ਭਾਰ 700 ਤੋਂ 800 ਗ੍ਰਾਮ ਹੁੰਦਾ ਹੈ। ਘੋਨੇ ਉੱਲੂ ਦੇ ਕੰਨ ਬਾਕੀ ਉੱਲੂਆਂ ਦੀ ਤਰ੍ਹਾਂ ਨਹੀਂ ਦਿਖਦੇ। ਇਨ੍ਹਾਂ ਦੀ ਠੋਡੀ ਚਿੱਟੀ ਹੁੰਦੀ ਹੈ, ਅੱਖਾਂ ਦੀਆਂ ਪਲਕਾਂ ਸੰਤਰੀ ਹੁੰਦੀਆਂ ਹਨ ਅਤੇ ਅੱਖ ਦਾ ਡੇਲਾ ਗੂੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਉਨ੍ਹਾਂ ਦੇ ਸਰੀਰ ਦੇ ਉੱਪਰਲੇ ਹਿੱਸੇ ਉੱਤੇ ਲਾਲ ਰੰਗ ਦੇ ਭੂਰੇ, ਚਿੱਟੇ ਅਤੇ ਕਾਲੇ ਨਿਸ਼ਾਨ ਹੁੰਦੇ ਹਨ, ਭਾਵ ਇਹ ਚਿਤਰਮਿਤਰਾ ਹੁੰਦਾ ਹੈ। ਨਰ ਮਾਦਾ ਦੋਵੇਂ ਇਕੋ ਜਿਹੇ ਲੱਗਦੇ ਹਨ। ਇਸ ਦੀ ਚੁੰਝ ਹੇਠਾਂ ਨੂੰ ਮੁੜੀ ਹੋਈ ਕਾਲੀ ਹੁੰਦੀ ਹੈ। ਉੱਲੂ ਦੀ ਇਹ ਪ੍ਰਜਾਤੀ ਵੀ ਬਾਕੀ ਉੱਲੂ ਦੀਆਂ ਪ੍ਰਜਾਤੀਆਂ ਦੀ ਤਰ੍ਹਾਂ ਰਾਤ ਵੇਲੇ ਸਰਗਰਮ ਰਹਿੰਦੀ ਹੈ ਅਤੇ ਦਿਨ ਵੇਲੇ ਚੁੱਪ ਕਰਕੇ ਬੈਠੇ ਰਹਿੰਦੇ ਹਨ। ਘੋਨਾ ਉੱਲੂ ਮਨੁੱਖੀ ਆਬਾਦੀ ਤੋਂ ਦੂਰ ਰਹਿਣਾ ਪਸੰਦ ਕਰਦਾ ਹੈ। ਇਹ ਬੋਹੜ, ਪਿੱਪਲ, ਇਮਲੀ ਦੇ ਸੰਘਣੇ ਦਰੱਖਤਾਂ ਅੰਦਰ ਪਨਾਹ ਲੈਣੀ ਪਸੰਦ ਕਰਦਾ ਹੈ। ਇਸਨੂੰ ਬਾਗਾਂ ਅਤੇ ਹਲਕੇ ਜਿਹੇ ਜੰਗਲ ਵਾਲੇ ਨਿਵਾਸ ਸਥਾਨਾਂ ਦੇ ਮੈਦਾਨੀ ਖੇਤਰ ਵਿਚ ਵੀ ਵੇਖਿਆ ਜਾ ਸਕਦਾ ਹੈ। ਇਹ ਆਪਣੇ ਸ਼ਿਕਾਰ ਵਿਚ ਜ਼ਿਆਦਾਤਰ ਚੂਹੇ, ਚੂਹੀਆਂ, ਕਿਰਲੀਆਂ, ਡੱਡੂ, ਗਲਹਿਰੀਆਂ, ਕੇਕੜੇ, ਬੀਟਲ ਅਤੇ ਵੱਡੇ ਕੀੜੇ-ਮਕੌੜੇ ਵੀ ਖਾ ਜਾਂਦੇ ਹਨ। ਘੋਨਾ ਉੱਲੂ ਅਕਸਰ ਫਰਵਰੀ ਤੋਂ ਅਪਰੈਲ ਤਕ ਆਲ੍ਹਣੇ ਵਿਚ ਸੁਚੇਤ ਰਹਿੰਦਾ ਹੈ। ਇਨ੍ਹਾਂ ਦਾ ਆਲ੍ਹਣਾ ਕਿਸੇ ਰੁੱਖ ਦੇ ਖੋਖਲੇ ਹਿੱਸੇ ਵਿਚ ਹੁੰਦਾ ਹੈ ਜਿਸ ਵਿਚ ਮਾਦਾ ਉੱਲੂ ਦੋ ਤੋਂ ਤਿੰਨ ਚਿੱਟੇ ਜਾਂ ਮੋਤੀਆ ਰੰਗੇ ਆਂਡੇ ਦਿੰਦੀ ਹੈ। ਉਹ 30 ਤੋਂ 32 ਦਿਨ ਆਂਡਿਆਂ ਵਿਚੋਂ ਬੱਚੇ ਕੱਢਣ ਨੂੰ ਲਾ ਦਿੰਦੀ ਹੈ।
ਉੱਲੂ ਦੀਆਂ ਪ੍ਰਜਾਤੀਆਂ ਦਾ ਦਿਨ-ਬ-ਦਿਨ ਲੋਪ ਹੋਣ ਦਾ ਕਾਰਨ ਇਨ੍ਹਾਂ ਦੀਆਂ ਲੁਕਣ-ਛਿਪਣ ਦੀਆਂ ਥਾਵਾਂ ਜਿਵੇਂ ਰਵਾਇਤੀ ਦਰੱਖਤ ਬੋਹੜ, ਪਿੱਪਲ ਆਦਿ ਦਾ ਨਿਰੰਤਰ ਖ਼ਤਮ ਹੋਣਾ ਹੈ।
ਉੱਲੂ ਆਪਣੇ ਅੱਖ ਦੇ ਡੇਲੇ ਨੂੰ ਮਨੁੱਖ ਦੀ ਤਰ੍ਹਾਂ ਘੁੰਮਾ ਨਹੀਂ ਸਕਦਾ, ਇਸ ਲਈ ਉਸਨੂੰ ਵੇਖਣ ਲਈ ਧੌਣ ਘੁੰਮਾਊਣੀ ਪੈਂਦੀ ਹੈ। ਦੇਸ਼ ਦੇ ਕਈ ਹਿੱਸਿਆਂ ਵਿਚ ਇਸਨੂੰ ਉਜਾੜੇ ਦੇ ਪ੍ਰਤੀਕ ਦੇ ਤੌਰ ’ਤੇ ਦੇਖਿਆ ਜਾਂਦਾ ਹੈ, ਪਰ ਅਜਿਹਾ ਕੁਝ ਨਹੀਂ ਹੈ। ਇਹ ਹੋਰ ਪੰਛੀਆਂ ਦੀ ਤਰ੍ਹਾਂ ਹੀ ਇਕ ਪੰਛੀ ਹੈ। ਘੋਨੇ ਉੱਲੂ ਨੂੰ ਸਾਡੇ ਦੇਸ਼ ਵਿਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਨਾਲ ਪੂਰਨ ਸੁਰੱਖਿਆ ਦਿੱਤੀ ਗਈ ਹੈ, ਫਿਰ ਵੀ ਸਾਨੂੰ ਸਭ ਨੂੰ ਆਪਣੀ ਵਿਚਾਰਧਾਰਾ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ ਤਾਂ ਹੀ ਅਸੀਂ ਜੰਗਲੀ ਜੀਵਾਂ ਦੀ ਸੁਰੱਖਿਆ ਕਰ ਸਕਾਂਗੇ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ : 98884-56910