ਸ਼ਿਵਮੋਗਾ, 29 ਅਪਰੈਲ
ਜੇਡੀ (ਐੱਸ) ਦੇ ਆਗੂ ਐੱਚ.ਡੀ. ਕੁਮਾਰਸਵਾਮੀ ਨੇ ਅੱਜ ਕਿਹਾ ਕਿ ਪਾਰਟੀ ਨੇ ਕਈ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ਾਂ ਵਿੱਚ ਘਿਰੇ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰ, ਉਨ੍ਹਾਂ ਦੇ ਭਤੀਜੇ ਅਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਹੈ। ਸਾਬਕਾ ਮੁੱਖ ਮੰਤਰੀ ਨੇ ਗੱਠਜੋੜ ਵਿੱਚ ਜੇਡੀ (ਐੱਸ) ਦੀ ਭਾਈਵਾਲ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਤੋਂ ਦੂਰ ਰਹਿਣ ਲਈ ਵੀ ਕਿਹਾ। ਕਾਂਗਰਸ ਵੱਲੋਂ ਇਸ ਮੁੱਦੇ ’ਤੇ ਕਾਂਗਰਸ ਤੋਂ ਜਵਾਬ ਮੰਗਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪ੍ਰਜਵਲ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਹਾਸਨ ਸੰਸਦੀ ਹਲਕੇ ਤੋਂ ਭਾਜਪਾ-ਜੇਡੀ (ਐੱਸ) ਗੱਠਜੋੜ ਦਾ ਉਮੀਦਵਾਰ ਹੈ। ਇਸ ਸੀਟ ’ਤੇ ਵੋਟਾਂ ਸ਼ੁੱਕਰਵਾਰ ਨੂੰ ਪਈਆਂ ਸਨ। ਕੁਮਾਰਸਵਾਮੀ ਨੇ ਦਾਅਵਾ ਕੀਤਾ, ‘‘ਇਸ ਸਬੰਧੀ ਫੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ। ਭਲਕੇ ਹੁਬਲੀ ਵਿੱਚ ਹੋਣ ਵਾਲੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਰੇਵੰਨਾ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕੀਤੀ ਜਾਵੇਗੀ। ਕਿਉਂਕਿ ਪ੍ਰਜਵਲ ਇਕ ਸੰਸਦ ਮੈਂਬਰ ਹੈ, ਇਸ ਵਾਸਤੇ ਇਹ ਕੰਮ ਦਿੱਲੀ ਤੋਂ ਹੋਣਾ ਹੈ। ਮੈਂ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਨੂੰ ਬੇਨਤੀ ਕੀਤੀ ਸੀ। ਨਾ ਹੀ ਗੌੜਾ ਜੀ ਤੇ ਨਾ ਹੀ ਮੈਂ ਇਸ ਮਾਮਲੇ ਬਾਰੇ ਜਾਣਦੇ ਸਨ।’’ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਜੇਡੀ (ਐੱਸ) ਦੇ ਸੂਬਾ ਪ੍ਰਧਾਨ ਨੇ ਕਿਹਾ, ‘‘ਕੁਝ ਮੁੱਦੇ ਬਾਹਰ ਆਏ, ਜਿਨ੍ਹਾਂ ਦੇ ਆਧਾਰ ’ਤੇ ਕੱਲ੍ਹ ਰੇਵੰਨਾ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਸੀ।’’ -ਪੀਟੀਆਈ
ਮੇਰੇ ਤੇ ਪੁੱਤਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਸਿਆਸਤ ਤੋਂ ਪ੍ਰੇਰਿਤ: ਐੱਚ.ਡੀ. ਰੇਵੰਨਾ
ਸ਼ਿਵਮੋਗਾ: ਕਰਨਾਟਕ ਵਿਧਾਨ ਸਭਾ ਵਿੱਚ ਜੇਡੀ (ਐੱਸ) ਦੇ ਵਿਧਾਇਕ ਅਤੇ ਸਾਬਕਾ ਮੰਤਰੀ ਐੱਚ.ਡੀ. ਰੇਵੰਨਾ ਨੇ ਅੱਜ ਕਿਹਾ ਕਿ ਉਹ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪੁੱਤਰ ਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੀ ਕਥਿਤ ਸ਼ਮੂਲੀਅਤ ਵਾਲੇ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ ਸਾਬਿਤ ਹੁੰਦੇ ਹਨ ਤਾਂ ਉਹ ਕਾਨੂੰਨ ਮੁਤਾਬਕ ਸਜ਼ਾ ਭੁਗਤਣ ਲਈ ਤਿਆਰ ਹਨ। -ਪੀਟੀਆਈ