ਰਿਪੁਦਮਨ ਸਿੰਘ ਰੂਪ
ਕਿਸਾਨ ਸੰਘਰਸ਼ ਪਹਿਲਾਂ ਨਾਲੋਂ ਵੀ ਹੋਰ ਤਕੜਾ ਅਤੇ ਸ਼ਕਤੀਸ਼ਾਲੀ ਹੋ ਗਿਆ ਹੈ। ਪਹਿਲਾਂ ਨਾਲੋਂ ਵੀ ਹੋਰ ਤਕੜਾ ਅਤੇ ਸ਼ਕਤੀਸ਼ਾਲੀ ਕਿਉਂ ਹੋ ਗਿਆ ਹੈ? ਕਿਉਂਕਿ ਇਹ ਸੰਘਰਸ਼ ਇਕੱਲਾ ਕਿਸਾਨਾਂ ਦੇ ਹਿੱਤਾਂ ਲਈ ਨਹੀਂ ਹੈ, ਇਹ ਸੰਘਰਸ਼ ਪੂਰੀ ਲੋਕਾਈ ਲਈ ਹੈ, ਭਾਵੇਂ ਦੇਖਣ ਨੂੰ ਉੱਪਰੋਂ ਉੱਪਰੋਂ ਤਿੰਨੇ ਕਾਨੂੰਨ ਕਿਸਾਨ ਵਿਰੋਧੀ ਭਾਸਦੇ ਲੱਗਦੇ ਹਨ ਪਰ ਜਦੋਂ ਇਨ੍ਹਾਂ ਕਾਨੂੰਨਾਂ ਦੀਆਂ ਪਰਤਾਂ ਫ਼ਰੋਲਦੇ ਜਾਈਏ ਤਾਂ ਇਹ ਕਾਰਪੋਰੇਟ ਸੈਕਟਰ ਵੱਲੋਂ ਕੀਤੀ ਜਾ ਰਹੀ ਲੁੱਟ ਵੱਲ ਸੇਧਿਤ ਹੋ ਜਾਂਦੇ ਹਨ। ਇਨ੍ਹਾਂ ਕਾਨੂੰਨਾਂ ਰਾਹੀਂ ਭਾਰਤ ਦੀ ਵੰਨ-ਸਵੰਨੀ ਉਪਜਾਊ ਧਰਤੀ ਨੂੰ ਹੜੱਪਣ ਲਈ ਦੇਸੀ ਤੇ ਵਿਦੇਸ਼ੀ ਪੂੰਜੀਪਤੀਆਂ ਵਿਚ ਹੋੜ ਲੱਗੀ ਹੋਈ ਹੈ, ਸਾਡੀਆਂ ਸਰਕਾਰਾਂ ਉਨ੍ਹਾਂ ਦੀਆਂ ਭਾਈਵਾਲ ਹਨ ਅਤੇ ਇਹ ਹੋਰ ਪੂੰਜੀਪਤੀਆਂ ਨਾਲ ਘਿਓ-ਖਿਚੜੀ ਹਨ।
ਇਸੇ ਲਈ ਅੱਠ ਮਹੀਨਿਆਂ (ਸਣੇ ਪੰਜਾਬ) ਤੋਂ ਚੱਲ ਰਿਹਾ ਕਿਸਾਨ ਸੰਘਰਸ਼ ਕੇਂਦਰ ਦੀ ਮੌਜੂਦਾ ਸਰਕਾਰ ਨੂੰ ਦਿਖਾਈ ਨਹੀਂ ਦਿੰਦਾ। ਇਕ ਸੌ ਪੰਜਾਹ ਦਿਨਾਂ ਤੋਂ ਉੱਪਰ ਦਿੱਲੀ ਦੇ ਬਾਰਡਰਾਂ ਉੱਤੇ ਬੈਠੇ ਕਿਸਾਨ ਸਰਕਾਰ ਨੂੰ ਨਜ਼ਰੀ ਨਹੀਂ ਪੈ ਰਹੇ। ਚਾਰ ਸੌ ਦੇ ਨੇੜੇ ਕਿਸਾਨਾਂ ਦੀਆਂ ਠੰਢ, ਬਿਮਾਰੀ ਅਤੇ ਹੋਰ ਕਾਰਨਾਂ ਕਰ ਕੇ ਹੋਈਆਂ ਮੌਤਾਂ ਵੀ ਸਰਕਾਰ ਦੀ ਜ਼ਮੀਰ ਨੂੰ ਝੰਜੋੜ ਨਹੀਂ ਸਕੀਆਂ।
ਸਰਕਾਰ ਦੀ ਜ਼ਮੀਰ ਇਸ ਲਈ ਝੰਜੋੜੀ ਨਹੀਂ ਜਾ ਸਕਦੀ, ਕਿਉਂਕਿ ਇਹ ਲੋਕ ਆਮ ਲੋਕਾਂ ਤੇ ਗ਼ਰੀਬਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਦਿਲੋਂ ਮਨੋ ਵਿਰੋਧੀ। ਧਰਮ ਦਾ ਪ੍ਰਚਾਰ ਸਿਰਫ਼ ਲੋਕਾਂ ਨੂੰ ਪਾੜਨ ਲਈ ਹੀ ਅਲਾਪਿਆ ਜਾਂਦਾ ਹੈ। ਲੱਖਾਂ ਹਿੰਦੂ ਪਹਿਲੇ ਲੌਕਡਾਊਨ ਵਿਚ ਕਿਵੇਂ ਸੜਕਾਂ ਉੱਤੇ ਨੰਗੇ ਪੈਰ, ਭੁੱਖਣ-ਭਾਣੇ ਤੜਫ ਤੜਫ ਮਰਦੇ ਰਹੇ। ਕਿਵੇਂ ਰੇਲ ਗਡੀਆਂ ਹੇਠਾਂ ਆ ਕੇ ਕੁਚਲਦੇ ਰਹੇ। ਇਸੇ ਲਈ ਅੱਜ ਕਿਸਾਨ ਸੰਘਰਸ਼ ਵਿਚ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਿੰਦੂ ਕਿਸਾਨ-ਚਾਹੇ ਉਹ ਗੁਜਰਾਤ, ਯੂਪੀ, ਹਰਿਆਣਾ, ਮਹਾਰਾਸ਼ਟਰ, ਝਾਰਖੰਡ ਦੇ ਹੋਣ, ਇਹ ਕਿਸਾਨ ਹੁਣ ਇਨ੍ਹਾਂ ਲਈ ਦੇਸ਼ਧ੍ਰੋਹੀ, ਅਤਿਵਾਦੀ, ਮਾਓਵਾਦੀ, ਸ਼ਹਿਰੀ ਨਕਸਲੀ ਅਤੇ ਖਾਲਿਸਤਾਨੀ ਹਨ; ਹਿੰਦੂ ਨਹੀਂ ਹਨ।
ਕਰੋਨਾ ਦਾ ਬਹਾਨਾ ਕਰ ਕੇ ਹੁਣ ਸਰਕਾਰ ਆਪਰੇਸ਼ਨ ਕਲੀਨ ਕਰ ਕੇ ਗਾਜ਼ੀਪੁਰ, ਸਿੰਘੂ, ਟਿਕਰੀ ਬਾਰਡਰਾਂ ਉੱਤੇ ਆਪਣੇ ਆਰਐੱਸਐੱਸ ਅਤੇ ਭਾਜਪਾ ਦੇ ਵਰਕਰਾਂ ਨੂੰ ਭੇਜ ਕੇ ਕਿਸਾਨਾਂ ਨੂੰ ਉੱਥੋਂ ਖਦੇੜਨਾ ਚਾਹੁੰਦੀ ਹੈ ਪਰ ਇਹ ਸਰਕਾਰ ਇਸ ਕਿਸਾਨ ਸੰਘਰਸ਼ ਨੂੰ ਸ਼ਾਹੀਨ ਬਾਗ਼ ਨਾ ਸਮਝ ਲਵੇ। ਇਹ ਸੰਘਰਸ਼ ਸਿਰਫ਼ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਤੱਕ ਸੀਮਤ ਨਹੀਂ ਰਿਹਾ; ਇਸ ਸੰਘਰਸ਼ ਨੇ ਦੂਰ, ਬਹੁਤ ਦੂਰ ਜਾਣਾ ਹੈ। ਇਸ ਸੰਘਰਸ਼ ਦੇ ਪਸਾਰ ਬਹੁਤ ਦੂਰ ਤੱਕ ਜਾਂਦੇ ਹਨ। ਆਜ਼ਾਦੀ ਮਗਰੋਂ ਇਹ ਪਹਿਲਾ ਸੰਘਰਸ਼ ਹੈ ਜਿਹੜਾ ਕਾਰਪੋਰੇਟ ਸੈਕਟਰ ਵਿਰੁੱਧ ਲਾਮਬੰਦ ਹੋ ਰਿਹਾ ਹੈ। ਪਹਿਲੋਂ ਸਿਰਫ਼ ਕਮਿਊਨਿਸਟ ਤੇ ਖੱਬੀਆਂ ਪਾਰਟੀਆਂ ਹੀ ਇਸ ਮੁੱਦੇ ਨੂੰ ਛੂਹਦੀਆਂ ਸਨ ਪਰ ਪੰਜਾਬ ਵਿਚੋਂ ਉੱਠਿਆ ਇਸ ਕਾਰਪੋਰੇਟ ਵਿਰੋਧੀ ਸੰਘਰਸ਼ ਦੇ ਅਰਥ ਹੁਣ ਪੰਜਾਬ ਦੇ ਬੱਚੇ ਬੱਚੇ ਨੂੰ ਸਮਝ ਪੈ ਰਹੇ ਹਨ। ਇਸ ਨਾਲ ਆਮ ਬੰਦੇ ਨੂੰ ਕਾਰਪੋਰੇਟ ਸੈਕਟਰ ਦੀ ਲੁੱਟ ਦੀ ਸਮਝ ਪੈਂਦੀ ਹੈ। ਕੀ ਟੋਲ ਪਲਾਜ਼ਿਆਂ ਉੱਤੇ ਬਿਨਾਂ ਟੋਲ ਦਿੱਤਿਆਂ ਲੰਘਣ ਦੇਣਾ ਪੂਰੇ ਭਾਰਤ ਵਿਚ ਕ੍ਰਾਂਤੀਕਾਰੀ ਕਦਮ ਨਹੀਂ ਹੈ? ਇਸ ਨਾਲ ਭਾਰਤ ਦੇ ਵਾਸੀ ਜਿੱਥੇ ਖ਼ੁਸ਼ ਹੁੰਦੇ ਹਨ, ਉੱਥੇ ਕਾਰਪੋਰੇਟ ਸੈਕਟਰ ਦੀ ਲੁੱਟ ਨੂੰ ਸਮਝਣ ਲਈ ਜਾਗ੍ਰਿਤ ਵੀ ਹੋ ਰਹੇ ਹਨ। ਫਿਰ ਪੂੰਜੀਪਤੀਆਂ ਦੇ ਮਾਲਾਂ, ਪੈਟਰੋਲ ਪੰਪਾਂ, ਥਰਮਲ ਪਲਾਟਾਂ ਆਦਿ ਦੀ ਵੀ ਸਮਝ ਪੈ ਰਹੀ ਹੈ। ਇਸ ਮਗਰੋਂ ਪ੍ਰਾਈਵੇਟ ਬੱਸਾਂ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਆਦਿ ਬਾਰੇ ਵੀ ਸੋਚਣ ਲੱਗ ਜਾਣਗੇ।
ਇਹ ਲੜਾਈ ਇਕੱਲੇ ਕਿਸਾਨਾਂ ਦੀ ਨਾ ਰਹਿ ਕੇ ਪੂਰੇ ਭਾਰਤ ਦੇ ਲੋਕਾਂ ਦੀ, ਸਗੋਂ ਕੁੱਲ ਸੰਸਾਰ ਦੀ ਹੈ। ਹਰ ਪ੍ਰਾਈਵੇਟ ਅਦਾਰਾ ਵਰਕਰਾਂ ਦੀ ਛਿੱਲ ਲਾਹੁੰਦਾ ਹੈ। ਪੰਦਰਾਂ ਪੰਦਰਾਂ ਸਾਲਾਂ ਤੋਂ ਨਿਗੂਣੀ ਤਨਖ਼ਾਹ ਉੱਤੇ ਰੱਖੇ ਬਿਨਾਂ ਨੋਟਿਸ ਤੋਂ ਕੱਢ ਦਿੰਦਾ ਹੈ। ਇਸੇ ਲਈ ਸਰਕਾਰ ਟਾਹਰਾਂ ਮਾਰ ਮਾਰ ਕਹਿੰਦੀ ਹੈ ਕਿ ਆ ਜਾਓ ਵਿਦੇਸ਼ੀ ਨਿਵੇਸ਼ਕੋ! ਸਾਡੇ ਦੇਸ਼ ਆ ਕੇ ਪੈਸਾ ਲਾਓ!! ਇਥੇ ਮਜ਼ਦੂਰੀ ਸਸਤੀ ਹੈ!!! ਸਰਕਾਰ ਕਾਨੂੰਨ ਵੀ ਉਨ੍ਹਾਂ ਦੇ ਹੱਕ ਵਿਚ ਬਣਾਉਂਦੀ ਹੈ। ਉਨ੍ਹਾਂ ਉੱਤੇ ਕੋਈ ਸ਼ਰਤ ਨਹੀਂ ਲਾਈ ਜਾਂਦੀ। ਬਾਹਰਲੇ ਦੇਸ਼ਾਂ ਦੀਆਂ ਕੰਪਨੀਆਂ ਦਾ ਵੀ ਇਹੋ ਹਾਲ ਹੈ। ਸਮਝੌਤੇ ਹੋਰ ਕਰਦੇ ਹਨ, ਅਮਲ ਇਹ ਕੁਝ ਹੋਰ ਕਰਦੇ ਹਨ। ਸਮਝੌਤੇ ਕਰਨਗੇ ਚਾਲੀ ਘੰਟੇ ਕੰਮ ਕਰਵਾਉਣ ਦੇ; ਦੇਣਗੇ ਰੋ ਪਿੱਟ ਕੇ ਮਸਾਂ ਵੀਹ ਘੰਟੇ। ਸ਼ਰਤ ਹੋਵੇਗੀ ਕਿ ਵਰਕਰ ਕਿਸੇ ਹੋਰ ਕੰਪਨੀ ਵਿਚ ਕੰਮ ਨਹੀਂ ਕਰ ਸਕਣਗੇ, ਕਿਉਂਕਿ ਕੰਪਨੀ ਵਰਕਰ ਨੂੰ ਚੌਵੀ ਘੰਟਿਆਂ ਵਿਚ ਲੋੜ ਪੈਣ ਤੇ ਕਦੇ ਵੀ ਬੁਲਾ ਸਕਦੀ ਹੈ। ਇਸੇ ਲਈ ਇਹ ਪੰਜਾਬ ਤੋਂ ਉੱਠਿਆ ਕਿਸਾਨੀ ਸੰਘਰਸ਼ ਹਰਿਆਣਾ ਤੋਂ ਹੁੰਦਾ ਹੋਇਆ ਯੂਪੀ, ਮਹਾਰਾਸ਼ਟਰ, ਉਤਰਾਖੰਡ, ਮੱਧ ਪ੍ਰਦੇਸ਼, ਰਾਜਸਥਾਨ, ਝਾਰਖੰਡ ਆਦਿ ਸੂਬਿਆਂ ਵਿਚ ਫੈਲ ਰਿਹਾ ਹੈ ਅਤੇ ਅਗਾਂਹ ਇਸ ਦਾ ਅਸਰ ਸੰਸਾਰ ਪੱਧਰ ਉੱਤੇ ਉਦਾਰੀਕਰਨ, ਸੰਸਾਰੀਕਰਨ, ਖੁੱਲ੍ਹੀ ਮੰਡੀ, ਸੰਸਾਰ ਵਪਾਰ ਸੰਗਠਨ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਵਿਰੁੱਧ ਲੋਕਾਂ ਨੇ ਲਾਮਬੰਦ ਹੋਣਾ ਸ਼ੁਰੂ ਹੋ ਜਾਣਾ ਹੈ।
ਕਈ ਸਾਜਿ਼ਸ਼ਾਂ ਹੋਈਆਂ ਪਰ ਇਨ੍ਹਾਂ ਸਾਜਿ਼ਸ਼ਾਂ ਨਾਲ ਕਿਸਾਨ ਅੰਦੋਲਨ ਦਾ ਵਾਲ ਵਿੰਗਾ ਨਹੀਂ ਹੋਇਆ। ਇਕ ਵਾਰ ਤਾਂ ਕਿਸਾਨ ਅੰਦੋਲਨ ਦੇ ਹਿਤੈਸ਼ੀਆਂ ਦਾ ਦਿਲ ਧੜਕਣ ਲੱਗ ਗਿਆ ਸੀ। ਰਾਕੇਸ਼ ਟਿਕੈਤ ਦੇ ਹੰਝੂਆਂ ਅਤੇ ਕਿਸਾਨ ਸੰਘਰਸ਼ ਦੇ ਆਗੂਆਂ ਦੀ ਸੂਝ ਅਤੇ ਸਾਬਤ ਕਦਮੀ ਨੇ ਕਿਸਾਨ ਸੰਘਰਸ਼ ਨੂੰ ਮੁੜ ਲੀਹ ਉੱਤੇ ਲੈ ਆਂਦਾ ਹੈ।
ਇਕ ਗੱਲ ਦੀ ਮੈਨੂੰ ਸਮਝ ਨਹੀਂ ਪੈ ਰਹੀ, ਜਦੋਂ ਕਈ ਕਹਿੰਦੇ ਹਨ ਕਿ ਕਿਸਾਨ ਸੰਘਰਸ਼ ਵਿਚ ਸਿਆਸਤ ਦਾਖ਼ਲ ਹੋ ਗਈ ਹੈ। ਸਿਆਸਤ ਤਾਂ ਹਰ ਇਕ ਗੱਲ ਵਿਚ ਹੁੰਦੀ ਹੈ। ਕਿਸਾਨ ਸੰਘਰਸ਼ ਆਪਣੇ ਆਪ ਵਿਚ ਸਿਆਸੀ ਮਸਲਾ ਹੈ। ਖੇਤੀ ਕਾਨੂੰਨ, ਸਿੱਖਿਆ ਨੀਤੀ, ਸਿਹਤ ਨੀਤੀ, ਰੇਲਵੇ ਦਾ ਨਿੱਜੀਕਰਨ, ਸ਼ਾਮਲਾਤ ਜ਼ਮੀਨਾਂ ਕੰਪਨੀਆਂ ਨੂੰ ਵੇਚਣ, ਏਅਰ ਇੰਡੀਆ ਦਾ ਨਿੱਜੀਕਰਨ, ਵਿਦੇਸ਼ੀ ਅਤੇ ਦੇਸੀ ਨਿਵੇਸ਼ ਨੂੰ ਕੌਡੀਆਂ ਦੇ ਭਾਅ ਸਰਕਾਰੀ ਜਾਇਦਾਦਾਂ ਵੇਚਣਾ; ਇਹ ਸਭ ਸਿਆਸੀ ਗੱਲਾਂ ਹਨ। ਜਦੋਂ ਸਰਕਾਰ ਕਹਿੰਦੀ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ, ਸਿਆਸਤ ਵੱਲ ਨਹੀਂ ਜਾਣਾ ਚਾਹੀਦਾ; ਇਹ ਗੱਲ ਕਹਿਣਾ ਵੀ ਸਿਆਸਤ ਹੈ। ਧਾਰਮਿਕ ਗ੍ਰੰਥ ਸਿਆਸਤ ਨਾਲ ਭਰੇ ਹੋਏ ਹਨ।
ਅੱਜ ਵੀ ਸਾਡੇ ਦੇਸ਼ ਵਿਚ ਸੰਘਰਸ਼ ਕਰ ਰਹੇ ਲੋਕਾਂ ਵੱਲ ਇਹੋ ਰਵੱਈਆ ਹੈ। ਸਰਕਾਰ ਦੇ ਕਰਤੇ ਧਰਤੇ ਬਿਲਕੁੱਲ ਵੀ ਸੰਵੇਦਨਸ਼ੀਲ ਨਹੀਂ ਹਨ। ਉਨ੍ਹਾਂ ਦਾ ਰਵੱਈਆ ਮੱਕਾਰੀ ਭਰਿਆ ਅਤੇ ਖ਼ਤਰਨਾਕ ਹੈ। ਗ਼ਾਜੀਪੁਰ, ਸਿੰਘੂ, ਟਿਕਰੀ ਆਦਿ ਬਾਰਡਰਾਂ ਉੱਤੇ ਜਿਵੇਂ ਕਿੱਲਾਂ, ਕੰਢਿਆਲੀ ਤਾਰਾਂ, ਕੰਧਾਂ, ਖਾਈਆਂ ਪੁੱਟੀਆਂ ਗਈਆਂ ਸਨ ਪਰ ਅਖ਼ੀਰ ਸਚਾਈ ਜਿੱਤਦੀ, ਜਦੋਂ ਕਿਸੇ ਸੱਚੇ ਅਤੇ ਸ਼ਰੀਫ਼ ਬੰਦੇ ਨੂੰ ਗੁੱਸਾ ਆ ਜਾਵੇ ਤਾਂ ਬਦਮਾਸ਼ਾਂ ਨੂੰ ਨੱਠਦਿਆਂ ਰਾਹ ਨਹੀਂ ਲੱਭਦਾ। ਇਸੇ ਤਰ੍ਹਾਂ ਕਿਸਾਨ ਸੰਘਰਸ਼ ਨੇ ਜਿੱਤਣਾ ਹੈ ਕਿਉਂਕਿ ਸੱਚ ਉਨ੍ਹਾਂ ਵੱਲ ਹੈ। ਸੁਹਿਰਦਤਾ ਉਨ੍ਹਾਂ ਵੱਲ ਹੈ। ਕਿਸਾਨ ਲੀਡਰਸ਼ਿਪ ਸਾਓੂ, ਨੇਕ ਅਤੇ ਸਿਆਣੀ ਹੈ।
ਕਿਸਾਨ ਸੰਘਰਸ਼ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਪ੍ਰਤੀਬੱਧ ਹੈ ਪਰ ਇਸ ਦੇ ਨਾਲ ਨਾਲ ਇਸ ਨੇ ਆਮ ਲੋਕਾਂ ਨੂੰ ਕਾਰਪੋਰੇਟ ਸੈਕਟਰ, ਸੰਸਾਰੀਕਰਨ ਅਤੇ ਪੂੰਜੀਪਤੀਆਂ ਦੀ ਲੁੱਟ ਵਿਰੁੱਧ ਸੇਧਿਤ ਕਰ ਦਿੱਤਾ ਹੈ। ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਹੁਣ ਧਰਤੀ ਵਿਚ ਡੂੰਘੀਆਂ ਲਹਿ ਗਈਆਂ ਹਨ।
ਸੰਪਰਕ: 98767-68960