ਮੁਕੰਦ ਸਿੰਘ ਚੀਮਾ
ਸੰਦੌੜ, 2 ਅਪਰੈਲ
ਜੰਗਲਾਤ ਵਿਭਾਗ ਦੀ ਬੇਰੁਖੀ ਕਾਰਨ ਜਿੱਥੇ ਕੀਮਤੀ ਪੁਰਾਤਨ ਦਰੱਖਤ ਲੋਪ ਹੁੰਦੇ ਜਾ ਰਹੇ ਹਨ ਉੱਥੇ ਹੀ ਵਣ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਹਰੇ-ਭਰੇ ਦਰੱਖਤਾਂ ਨੂੰ ਵੀ ਮਾਰ ਪੈ ਰਹੀ ਹੈ ਅਤੇ ਵਿਭਾਗ ਇਸ ਸਬੰਧੀ ਅੱਖਾਂ ਮੀਟੀ ਬੈਠਾ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਵੱਲੋਂ ਆਪਣੇ ਪੁਰਾਣੇ ਘਰਾਂ ਦਾ ਮਲਬਾ ਸੜਕਾਂ ਕਿਨਾਰੇ ਸੁੱਟਿਆ ਜਾ ਰਿਹਾ ਹੈ। ਪਿੰਡ ਸੇਰਗੜ੍ਹ ਚੀਮਾ ਤੋਂ ਕੁਠਾਲਾ ਅਤੇ ਖੁਰਦ ਨੂੰ ਜਾਂਦੀ ਸੜਕ ਕਿਨਾਰੇ ਸੁੱਟੇ ਮਲਬੇ ਕਾਰਨ ਜਿੱਥੇ ਸੜਕਾਂ ਦੀ ਦਿੱਖ ਖਰਾਬ ਹੋ ਰਹੀ ਹੈ ਉੱਥੇ ਹੀ ਹਰੇ-ਭਰੇ ਛੋਟੇ ਦਰੱਖਤ ਮਲਬੇ ਹੇਠ ਦੱਬੇ ਜਾ ਰਹੇ ਹਨ। ਅਜੋਕੇ ਸਮੇਂ ਵਿੱਚ ਲੋਕ ਕੰਕਰੀਟ ਦੇ ਮਹਿਲ ਉਸਾਰਨ ਨੂੰ ਤਾਂ ਪਹਿਲ ਦੇ ਰਹੇ ਹਨ ਪਰ ਢਾਹੇ ਜਾ ਰਹੇ ਪੁਰਾਣੇ ਘਰਾਂ ਦਾ ਮਲਬਾ ਸੜਕਾਂ ਕਿਨਾਰੇ ਸੁੱਟ ਕੇ ਮਨੁੱਖੀ ਜੀਵਨ ਲਈ ਜ਼ਰੂਰੀ ਸ਼ੁੱਧ ਹਵਾ ਦੇਣ ਵਾਲੇ ਰੁੱਖਾਂ ਨੂੰ ਉਜਾੜ ਰਹੇ ਹਨ।
ਭਾਵੇਂ ਕਿ ਕੁਦਰਤੀ ਮਾਰ ਪੈਣ ਕਾਰਨ ਰਵਾਇਤੀ ਦਰੱਖਤ ਟਾਹਲੀ, ਨਿੰਮ, ਜਾਮਣ ਅਤੇ ਕਿੱਕਰਾਂ ਦਾ ਸੁੱਕਣਾ ਲਗਾਤਾਰ ਜਾਰੀ ਹੈ ਅਤੇ ਬਹੁਤੇ ਦਰੱਖਤਾਂ ਦੇ ਸੁੱਕ ਜਾਣ ਦਾ ਕਾਰਨ ਧਰਤੀ ਹੇਠਲੇ ਪਾਣੀ ਦਾ ਲਗਾਤਾਰ ਥੱਲੇ ਜਾਣਾ ਮੰਨਿਆ ਜਾ ਰਿਹਾ ਹੈ। ਉੱਥੇ ਹੀ ਹੁਣ ਇਨਸਾਨੀ ਗਰਜਾਂ ਦੀ ਮਾਰ ਕਾਰਨ ਸੜਕਾਂ ਦੇ ਆਲੇ-ਦੁਆਲੇ ਖੜ੍ਹੇ ਹਰੇ-ਭਰੇ ਦਰੱਖਤ ਸੁੱਕ ਰਹੇ ਹਨ।
ਲੋਕਾਂ ਵੱਲੋਂ ਇੱਥੇ ਸੜਕਾਂ ਕਿਨਾਰੇ ਮਲਬਾ ਸੁੱਟੇ ਜਾਣ ਕਾਰਨ ਹਰੇ-ਭਰੇ ਛੋਟੇ ਦਰੱਖਤ ਦੱਬ ਕੇ ਖਰਾਬ ਹੋ ਰਹੇ ਹਨ, ਜਿਸ ਬਾਰੇ ਸਬੰਧਤ ਵਿਭਾਗ ਨੂੰ ਕੋਈ ਪਤਾ ਨਹੀਂ।
ਮੁਲਾਜ਼ਮਾਂ ਨੂੰ ਤੁਰੰਤ ਨਿਰੀਖਣ ਕਰਨ ਲਈ ਕਿਹਾ: ਜੰਗਲਾਤ ਅਧਿਕਾਰੀ
ਇਸ ਸਬੰਧੀ ਜਦੋਂ ਵਣ ਵਿਭਾਗ ਦੇ ਅਧਿਕਾਰੀ ਅਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੜਕਾਂ ਕਿਨਾਰੇ ਸੁੁੱਟੇ ਮਲਬੇ ਦੀ ਅੱਜ ਹੀ ਰਿਪੋਰਟ ਲੈ ਕੇ ਉਸ ਨੂੰ ਚੁਕਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤੁਰੰਤ ਨਿਰੀਖਣ ਕਰਨ ਲਈ ਕਹਿ ਦਿੱਤਾ ਗਿਆ ਹੈ।