ਭਾਈ ਨਿਰਮਲ ਸਿੰਘ ਨੂੰ ਗਾਉਣ ਦਾ ਸ਼ੌਂਕ ਸੀ, ਇਹ ਖੇਤਾਂ ਵਿਚ ਕੰਮ ਕਰਦੇ ਉੱਚੀ ਆਵਾਜ਼ ਵਿਚ ਗਾਉਂਦੇ ਰਹਿੰਦੇ, ਸੱਥਾਂ ਵਿਚ ਬੈਠੇ ਬਜ਼ੁਰਗਾਂ ਨੂੰ ਲੋਕ ਗਥਾਵਾਂ ਗਾ ਕੇ ਸੁਣਾਉਂਦੇ ਰਹਿੰਦੇ। ਪਰਿਵਾਰ ਨੇ ਇਹ ਸ਼ੌਂਕ ਦੇਖ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਸੰਗੀਤ ਦੇ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਕੋਲ ਦਾਖ਼ਲਾ ਦਿਵਾ ਦਿੱਤਾ।
ਸੁਖਵਿੰਦਰ ਸਿੰਘ ਮੁੱਲਾਂਪੁਰ
ਕਈ ਇਨਸਾਨ ਦੁਨੀਆ ਤੇ ਅਜਿਹੇ ਆਉਂਦੇ ਹਨ, ਉਹ ਸਮਾਜ ਲਈ ਬਾਕੀਆਂ ਵਲੋਂ ਕੁਝ ਵੱਖਰਾ ਕਰ ਜਾਂਦੇ ਹਨ। ਇਸੇ ਕਰ ਕੇ ਉਨ੍ਹਾਂ ਦੇ ਕੀਤੇ ਚੰਗੇ ਕੰਮਾਂ ਕਰ ਕੇ ਸਮਾਜ ਸਦਾ ਹੀ ਉਨ੍ਹਾਂ ਨੂੰ ਚੇਤੇ ਕਰਦਾ ਰਹਿੰਦਾ ਹੈ। ਅਜਿਹੀਆਂ ਸ਼ਖ਼ਸੀਅਤਾਂ ਵਿਚੋਂ ਇਕ ਨਾਮ ਪ੍ਰਸਿੱਧ ਕੀਰਤਨੀਏ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਸਨ।
ਭਾਈ ਨਿਰਮਲ ਸਿੰਘ ਖਾਲਸਾ ਦਾ ਜਨਮ 12 ਅਪਰੈਲ 1952 ਨੂੰ ਪਿੰਡ ਜੰਡਵਾਲਾ ਭੀਮਸ਼ਾਹ ਜਿ਼ਲ੍ਹਾ ਫਿਰੋਜ਼ਪੁਰ ਵਿਚ ਚੰਨਣ ਸਿੰਘ ਅਤੇ ਗੁਰਦੇਵ ਕੌਰ ਦੇ ਘਰ ਹੋਇਆ। ਇਨ੍ਹਾਂ ਨੇ ਸਕੂਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਅੱਠਵੀਂ ਜਮਾਤ ਤੱਕ ਪਾਸ ਕੀਤੀ। 1968 ਵਿਚ ਇਹ ਪਰਿਵਾਰ ਪਿੰਡ ਮੰਡਾਲਾ ਜਿ਼ਲ੍ਹਾ ਜਲੰਧਰ ਦੇ ਮੰਡ ਖੇਤਰ ਵਿਚ ਜ਼ਮੀਨ ਅਲਾਟ ਹੋਣ ਕਰ ਕੇ ਉਥੇ ਵਸ ਗਿਆ। ਪਿਤਾ-ਪੁਰਖੀ ਖੇਤੀਬਾੜੀ ਦਾ ਕੰਮ-ਧੰਦਾ ਹੋਣ ਕਰ ਕੇ ਇਨ੍ਹਾਂ ਨੂੰ ਵੀ ਕੁਝ ਸਮਾਂ ਖੇਤਾਂ ਵਿਚ ਕੰਮ ਕਰਵਾਉਣਾ ਪਿਆ।
ਭਾਈ ਨਿਰਮਲ ਸਿੰਘ ਨੂੰ ਗਾਉਣ ਦਾ ਸ਼ੌਂਕ ਪਹਿਲਾਂ ਹੀ ਸੀ, ਇਹ ਖੇਤਾਂ ਵਿਚ ਕੰਮ ਕਰਦੇ ਉੱਚੀ ਆਵਾਜ਼ ਵਿਚ ਗਾਉਂਦੇ ਰਹਿੰਦੇ, ਸੱਥਾਂ ਵਿਚ ਬੈਠੇ ਬਜ਼ੁਰਗਾਂ ਨੂੰ ਲੋਕ ਗਥਾਵਾਂ ਗਾ ਕੇ ਸੁਣਾਉਂਦੇ ਰਹਿੰਦੇ। ਪਰਿਵਾਰ ਨੇ ਇਨ੍ਹਾਂ ਦਾ ਇਹ ਸ਼ੌਂਕ ਦੇਖ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਸੰਗੀਤ ਦੇ ਪ੍ਰੋਫੈਸਰ ਅਵਤਾਰ ਸਿੰਘ ਨਾਜ਼ ਕੋਲ ਦਾਖ਼ਲਾ ਦਿਵਾ ਦਿੱਤਾ। ਉੱਥੇ ਉਨ੍ਹਾਂ ਸੰਗੀਤ ਸੁਰਾਂ ਨੂੰ ਬਰੀਕੀ ਨਾਲ ਜਾਚਿਆ ਅਤੇ ਦੋ ਸਾਲ ਦਾ ਡਿਪਲੋਮਾ 1976 ਵਿਚ ਪਾਸ ਕੀਤਾ।
ਇਹ ਸਭ ਤੋਂ ਪਹਿਲਾਂ ਰਾਗੀ ਦੇ ਤੌਰ ਤੇ ਬੰਗਲਾ ਸਾਹਿਬ ਰੋਹਤਕ ਵਿਖੇ ਨਿਯੁਕਤ ਹੋਏ। ਕੁਝ ਸਮਾਂ ਰਿਸ਼ੀਕੇਸ਼, ਤਰਨ ਤਾਰਨ ਵਿਚ ਵੀ ਡਿਊਟੀ ਕੀਤੀ। 1978 ਵਿਚ ਕੁਝ ਸਮਾਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਵਿਚ ਕੰਡਕਟਰ ਦੇ ਤੌਰ ਤੇ ਨੌਕਰੀ ਵੀ ਕੀਤੀ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬੁੱਢਾ ਜੋਹੜ (ਰਾਜਸਥਾਨ) ਵਿਖੇ ਦੋ ਸਾਲ ਗੁਰਮਤਿ ਸੰਗੀਤ ਦੀ ਵਿੱਦਿਆ ਵਿਦਿਆਰਥੀਆਂ ਨੂੰ ਦਿੱਤੀ।
1979 ਵਿਚ ਭਾਈ ਨਿਰਮਲ ਸਿੰਘ ਦੀ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਹਾਇਕ ਰਾਗੀ ਵਜੋਂ ਨਿਯੁਕਤੀ ਹੋ ਗਈ ਅਤੇ ਉਹ 1985 ਤੱਕ ਭਾਈ ਗੁਰਮੇਜ ਸਿੰਘ ਨਾਲ ਸਹਾਇਕ ਰਾਗੀ ਵਜੋਂ ਸੇਵਾ ਨਿਭਾਉਂਦੇ ਰਹੇ। 1986 ਵਿਚ ਆਪਣਾ ਰਾਗੀ ਜੱਥਾ ਬਣਾ ਲਿਆ ਅਤੇ ਲੰਮਾ ਸਮਾਂ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਅਤੇ ਭਾਈ ਕਰਤਾਰ ਸਿੰਘ ਤਬਲੇ ਤੇ ਇਨ੍ਹਾਂ ਨਾਲ ਸੇਵਾ ਨਿਭਾਉਂਦੇ ਰਹੇ ਹਨ। 1987 ਵਿਚ ਸਰਕਾਰ ਵਲੋਂ ਕੀਤੇ ਗਏ ਬਲੈਕ ਥੰਡਰ ਦੌਰਾਨ ਪੁਲੀਸ ਤਸ਼ੱਦਦ ਵੀ ਝੱਲਣਾ ਪਿਆ।
ਭਾਈ ਨਿਰਮਲ ਸਿੰਘ ਗੁਰਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਉਣ ਦੀ ਮੁਹਾਰਤ ਰੱਖਦੇ ਸਨ। ਇਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਵਿਚ ਸ਼ਬਦ ਗਾ ਕੇ ਪੁਰਾਤਨ ਕੀਰਤਨ ਸ਼ੈਲੀ ਬਹਾਲ ਕੀਤੀ। ਉਹ ਗੁਰਬਾਣੀ ਪੁਰਾਤਨ ਰੀਤਾਂ ਅਨੁਸਾਰ ਤੰਤੀ ਸਾਜ਼ਾਂ ਨਾਲ ਗਾਉਂਦੇ ਸਨ।
ਭਾਈ ਨਿਰਮਲ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਾਵਨ ਰਚਨਾ ਸੁਖਮਨੀ ਸਾਹਿਬ ਜੀ ਨੂੰ ਗਾਉੜੀ ਰਾਗ ਵਿਚ ਗਾਇਆ। ਇਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਸਲੋਕਾਂ ਨੂੰ ਵੀ ਸੂਫ਼ੀਆਨਾ ਅੰਦਾਜ਼ ਵਿਚ ਗਾਇਆ। ਉਹ ਕੀਰਤਨੀਏ ਤੋਂ ਇਲਾਵਾ ਵਧੀਆ ਲਿਖਾਰੀ ਵੀ ਸਨ। ਉਨ੍ਹਾਂ ਦੇ ਲੇਖ ਵੱਖ ਵੱਖ ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਛਪਦੇ ਰਹਿੰਦੇ ਸਨ। ਉਨ੍ਹਾਂ ਦੀਆਂ ਦੋ ਪੁਸਤਕਾਂ ਵੀ ਛਪੀਆਂ।
ਭਾਈ ਨਿਰਮਲ ਸਿੰਘ ਖਾਲਸਾ ਨੂੰ ਬਹੁਤ ਸਾਰੇ ਐਵਾਰਡ ਪ੍ਰਾਪਤ ਹੋਏ। 1999 ਵਿਚ ਵਿਸਾਖੀ ਤੇ ਤਿੰਨ ਸੌ ਸਾਲਾ ਸ਼ਤਾਬਦੀ ਨੂੰ 50 ਤੋਂ ਵੱਧ ਮੁੱਖ ਸੰਗੀਤਕ ਕੰਪਨੀਆਂ ਨੇ ਇਨ੍ਹਾਂ ਦੇ ਕੀਰਤਨ ਦੀਆਂ ਐਲਬਮਾਂ ਰਿਕਾਰਡ ਕੀਤੀਆਂ। 1999 ਵਿਚ ਹੀ ਇੰਡੀਅਨ ਮਿਊਜ਼ੀਕਲ ਇੰਡਸਟਰੀ ਮੁੰਬਈ ਦੁਆਰਾ ਦੀਵਾ ਨੈਸ਼ਨਲ ਐਵਾਰਡ ਮਿਲਿਆ। 1999 ਵਿਚ ਹੀ ਖ਼ਾਲਸਾ ਫ਼ਤਿਹ ਜੰਗ ਦੁਆਰਾ ਗੋਲਡ ਮੈਡਲ ਅਤੇ ਸ਼੍ਰੋਮਣੀ ਰਾਗੀ ਐਵਾਰਡ ਮਿਲਿਆ। 2004 ਵਿਚ ਭਾਈ ਹੀਰਾ ਸਿੰਘ ਅਨੰਦ ਐਵਾਰਡ ਮਿਲਿਆ। 2006 ਵਿਚ ਤਖਤ ਸ੍ਰੀ ਦਮਦਮਾ ਸਾਹਿਬ ਦੁਆਰਾ ਸ਼੍ਰੋਮਣੀ ਐਵਾਰਡ ਹਾਸਲ ਹੋਇਆ।
ਸਾਲ 2020 ਵਿਚ ਭਾਈ ਨਿਰਮਲ ਸਿੰਘ ਕੋਵਿਡ-19 ਦਾ ਸ਼ਿਕਾਰ ਹੋ ਗਏ ਅਤੇ 2 ਅਪਰੈਲ 2020 ਨੂੰ ਅੰਮ੍ਰਿਤਸਰ ਵਿਚ ਦਮ ਤੋੜ ਗਏ। ਉਨ੍ਹਾਂ ਦਾ ਸਸਕਾਰ ਪਿੰਡ ਸ਼ੁਕਰਚੱਕ ਵਿਚ ਕੀਤਾ ਗਿਆ। ਕਰੋਨਾਵਾਇਰਸ ਦੇ ਭੈਅ ਕਾਰਨ ਸਸਕਾਰ ਵੇਲੇ ਸਿਰਫ ਉਨ੍ਹਾਂ ਦਾ ਪੁੱਤਰ ਹੀ ਹਾਜ਼ਰ ਸੀ, ਉਸ ਨੇ ਚਿਤਾ ਨੂੰ ਅਗਨੀ ਦਿਖਾਈ। ਕਰੋਨਾ ਕਾਰਨ ਉਨ੍ਹਾਂ ਦੀ ਦੇਹ ਸਿਹਤ ਵਿਭਾਗ ਨੇ ਸੀਲ ਕਰ ਦਿੱਤੀ ਸੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਉਨ੍ਹਾਂ ਦੇ ਅੰਤਿਮ ਦਰਸ਼ਨ ਨਾ ਕਰ ਸਕਿਆ।
ਸੰਪਰਕ: 99141-84794