ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਅਪਰੈਲ
‘ਆਪ’ ਆਗੂ ਰਾਘਵ ਚੱਢਾ ਖਿਲਾਫ਼ ਸੋਸ਼ਲ ਮੀਡੀਆ ’ਤੇ ਵੀਡੀਓ ਪਾ ਕੇ ਗਲਤ ਟਿੱਪਣੀਆਂ ਕਰਨ ’ਤੇ ਸ਼ਿਮਲਾਪੁਰੀ ਦੀ ਪੁਲੀਸ ਨੇ ਇੱਕ ਯੂਟਿਊਬਰ ਖ਼ਿਲਾਫ਼ਕ ਕੇਸ ਦਰਜ ਕੀਤਾ ਹੈ। ‘ਆਪ’ ਵਿਧਾਇਕ ਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਬੇਟੇ ਵਿਕਾਸ ਪਰਾਸ਼ਰ ਦੀ ਸ਼ਿਕਾਇਤ ’ਤੇ ਕੈਪੀਟਲ ਟੀਵੀ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਵਿਕਾਸ ਪਰਾਸ਼ਰ ਅਨੁਸਾਰ ਯੂਟਿਊਬਰ ਨੇ ਵੀਡੀਓ ਰਾਹੀਂ ਰਾਘਵ ਚੱਢਾ ਖ਼ਿਲਾਫ਼ ਦਾਅਵਾ ਕੀਤਾ ਹੈ ਕਿ ਉਹ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਲਾ ਕੇ ਖੁਦ ਇਲਾਜ ਦਾ ਬਹਾਨਾ ਬਣਾ ਕੇ ਇੰਗਲੈਂਡ ਭੱਜ ਗਿਆ ਹੈ। ਇੱਕ ਹੋਰ ਵੀਡੀਓ ’ਚ ਉਮੀਦਵਾਰਾਂ ਤੋਂ ਪੈਸੇ ਲੈ ਕੇ ਲੋਕ ਸਭਾ ਟਿਕਟਾਂ ਵੰਡਦਾ ਦਰਸਾਇਆ ਗਿਆ ਹੈ। ਸ਼ਿਮਲਾਲਪੁਰੀ ਪੁਲੀਸ ਅਨੁਸਾਰ ਉਕਤ ਮਾਮਲਾ ਸਾਈਬਰ ਸੈੱਲ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।