ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਪਰੈਲ
ਇਥੇ ਸਥਿਤ ਨਾਮੀ ਫਾਸਟ ਫੂਡ ਦੀ ਦੁਕਾਨ ’ਤੇ ਗਾਹਕ ਨੂੰ ਸਪਲਾਈ ਕੀਤੇ ਪਿਜ਼ੇ ਵਿੱਚੋਂ ਕਾਕਰੋਚ ਨਿਕਲਣ ’ਤੇ ਹੰਗਾਮਾ ਹੋ ਗਿਆ। ਇਹ ਪਿਜ਼ਾ ਮੰਗਵਾਉਣ ਵਾਲੇ ਰਤੀਪੁਰ ਨਿਵਾਸੀ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਉਸ ਨੇ ਅੱਜ ਇਸ ਫਾਸਟ ਫੂਡ ਦੀ ਦੁਕਾਨ ਤੋਂ ਇੱਕ ਪਿਜ਼ਾ ਅਤੇ ਗਾਰਲਿਕ ਬਰੈਡ ਆਰਡਰ ਕੀਤਾ ਸੀ ਤੇ ਇਸ ਨੂੰ ਡਲਿਵਰੀ ਕਰਨ ਵਾਲਾ ਲੜਕਾ ਕਰੀਬ 3 ਵਜੇ ਘਰ ਉਸ ਨੂੰ ਸਾਮਾਨ ਦੇ ਗਿਆ।
ਹਰਦੀਪ ਸਿੰਘ ਨਾਗਰਾ ਨੇ ਦੱਸਿਆ ਉਨ੍ਹਾਂ ਪਿਜ਼ਾ ਖਾਣਾ ਸ਼ੁਰੂ ਕੀਤਾ ਤਾਂ ਉਸ ਵਿੱਚੋਂ ਇੱਕ ਮਰਿਆ ਹੋਇਆ ਕਾਕਰੋਚ ਚਿਪਕਿਆ ਪਿਆ ਸੀ। ਉਹ ਮਰੇ ਹੋਏ ਕਾਕਰੋਚ ਵਾਲਾ ਪਿਜ਼ਾ ਲੈ ਕੇ ਫਾਸਟ ਫੂਡ ਵਾਲੀ ਦੁਕਾਨ ’ਤੇ ਗਿਆ ਤਾਂ ਅੱਗੋਂ ਕੰਮ ਕਰਨ ਵਾਲੇ ਲੜਕਿਆਂ ਨੇ ਗਲਤੀ ਨਹੀਂ ਮੰਨੀ।
ਪੀੜਤ ਨੇ ਰੋਸ ਪ੍ਰਗਟ ਕੀਤਾ ਕਿ ਜੇਕਰ ਇਹ ਕਾਕਰੋਚ ਵਾਲਾ ਪਿਜ਼ਾ ਉਸ ਦੇ ਬੱਚੇ ਖਾ ਲੈਂਦੇ ਤਾਂ ਉਨ੍ਹਾਂ ਨੇ ਬਿਮਾਰ ਹੋ ਜਾਣਾ ਸੀ। ਪੀੜਤ ਨੇ ਕਿਹਾ ਕਿ ਉਹ ਇਸ ਸਬੰਧੀ ਸਿਹਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਕਰੇਗਾ ਤਾਂ ਜੋ ਇਹ ਗੰਦਾ ਖਾਣਾ ਸਪਲਾਈ ਕਰਨ ਵਾਲੇ ਫਾਸਟ ਫੂਡ ਦੁਕਾਨਦਾਰ ਖਿਲਾਫ਼ ਸਖ਼ਤ ਕਾਰਵਾਈ ਹੋਵੇ ਤਾਂ ਜੋ ਅੱਗੇ ਤੋਂ ਹੋਰ ਦੁਕਾਨਦਾਰ ਵੀ ਚੁਕੰਨੇ ਹੋ ਕੇ ਸਾਫ਼ ਸੁਥਰਾ ਖਾਣਾ ਸਪਲਾਈ ਕਰਨ ਤੇ ਲੋਕ ਬਿਮਾਰ ਨਾ ਹੋਣ।
ਖਾਣਾ ਬਣਾਉਣ ਵੇਲੇ ਰੱਖੀ ਜਾਂਦੀ ਹੈ ਸਾਫ਼- ਸਫ਼ਾਈ:ਦੁਕਾਨਦਾਰ
ਇਸ ਸਬੰਧੀ ਮੋਬਾਈਲ ਫੋਨ ’ਤੇ ਫਾਸਟ ਫੂਡ ਦੀ ਦੁਕਾਨ ਚਲਾਉਣ ਵਾਲੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਾਣਾ ਬਣਾਉਣ ਵੇਲੇ ਪੂਰੀ ਸਫ਼ਾਈ ਰੱਖੀ ਜਾਂਦੀ ਹੈ ਤੇ ਅਜਿਹੀ ਕੁਤਾਹੀ ਕਦੇ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪਿਜ਼ਾ 400 ਡਿਗਰੀ ਤਾਪਮਾਨ ’ਤੇ ਤਿਆਰ ਕੀਤਾ ਜਾਂਦਾ ਹੈ ਤੇ ਇਸ ਵਿਚ ਜੇ ਕਾਕਰੋਚ ਹੁੰਦਾ ਤਾਂ ਉਹ ਪੂਰੀ ਤਰ੍ਹਾਂ ਸੜ ਜਾਣਾ ਸੀ।