ਤਪਾ ਮੰਡੀ: ਇਲਾਕੇ ’ਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਕਈ ਦਿਨਾਂ ਤੋਂ 15 ਤੋਂ 20 ਦੇ ਕਰੀਬ ਮਰੀਜ਼ ਡੇਂਗੂ ਪਾਜ਼ੇਟਿਵ ਆ ਰਹੇ ਹਨ। ਨਗਰ ਕੌਂਸਲ ਅਤੇ ਸਿਹਤ ਵਿਭਾਗ ਵੱਲੋਂ ਰਿਹਾਇਸ਼ੀ ਇਲਾਕਿਆਂ ’ਚ ਅਜੇ ਤੱਕ ਫੌਗਿੰਗ ਨਹੀਂ ਕੀਤੀ ਗਈ। ਪ੍ਰਾਈਵੇਟ ਹਸਪਤਾਲਾਂ ਵੱਲੋਂ ਡੇਂਗੂ ਦੇ ਪਾਜ਼ੇਟਿਵ ਮਰੀਜ਼ਾਂ ਦੀ ਜਾਣਕਾਰੀ ਵੀ ਸਿਹਤ ਵਿਭਾਗ ਨੂੰ ਨਹੀਂ ਦਿੱਤੀ ਜਾਂਦੀ। ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਜੂਨ ਮਹੀਨੇ ਤੋਂ ਹੀ ਡੇਂਗੂ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਗੰਭੀਰ ਹੈ। ਤਪਾ ਵਿੱਚ ਦੋ ਦਰਜਨ ਦੇ ਕਰੀਬ ਪ੍ਰਾਈਵੇਟ ਹਸਪਤਾਲ ਹਨ ਪਰ ਕਿਸੇ ਵੀ ਪ੍ਰਾਈਵੇਟ ਹਸਪਤਾਲ ਵੱਲੋਂ ਡੇਂਗੂ ਸਬੰਧੀ ਸਿਹਤ ਵਿਭਾਗ ਨੂੰ ਡੇਂਗੂ ਦੇ ਅੰਕੜੇ ਨਹੀਂ ਭੇਜੇ ਜਾ ਰਹੇ। ਸਰਕਾਰੀ ਹਸਪਤਾਲ ਦੇ ਐੱਸਐੱਮਓ ਡਾ. ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਕੁਝ ਸਿਹਤ ਕੇਂਦਰਾਂ ਦਾ ਨਿਰੀਖਣ ਵੀ ਕੀਤਾ ਗਿਆ ਹੈ। -ਪੱਤਰ ਪ੍ਰੇਰਕ