ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 28 ਅਪਰੈਲ
ਪਿੰਡ ਸੁਖਚੈਨ ਵਿੱਚ ਸਰਕਾਰੀ ਸਕੂਲਾਂ ਨੇੜੇ ਸਥਿਤ ਪੰਚਾਇਤੀ ਛੱਪੜ ’ਚ ਮੱਛੀਆਂ ਮਰਨ ਕਾਰਨ ਬਦਬੂ ਮਾਰ ਰਹੀ ਹੈ ਜਿਸ ਕਾਰਨ ਆਸ-ਪਾਸ ਦੇ ਘਰਾਂ ’ਚ ਰਹਿਣ ਵਾਲੇ ਲੋਕਾਂ ਤੇ ਬੱਚਿਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨ ਪੈ ਰਿਹਾ ਹੈ। ਬਦਬੂ ਕਾਰਨ ਸਕੂਲਾਂ ’ਚ ਬੱਚਿਆਂ ਦਾ ਬੈਠਣਾਂ ਵੀ ਮੁਸ਼ਕਲ ਹੋ ਗਿਆ ਹੈ। ਕਿਸਾਨ ਆਗੂ ਕੁਲਦੀਪ ਸਿੰਘ, ਹਰਜੀਵਨ ਸਿੰਘ, ਬਲਜੀਤ ਸਿੰਘ, ਦੇਵ ਸਿੰਘ, ਸਤਪਾਲ ਸਿੰਘ, ਰੇਸ਼ਮ ਸਿੰਘ, ਜਗਦੇਵ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਬਲਜੀਤ ਸਿੰਘ, ਗੁਰਵਿੰਦਰ ਸਿੰਘ ਤੇ ਜਸਵੰਤ ਸਿੰਘ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪੰਚਾਇਤੀ ਛੱਪੜ ’ਚ ਅਚਾਨਕ ਮੱਛੀਆਂ ਮਰਨ ਲੱਗੀਆਂ ਹਨ। ਮੱਛੀਆਂ ਮਰਨ ਕਾਰਨ ਛੱਪੜ ਦਾ ਪਾਣੀ ਪਸ਼ੂਆਂ ਲਈ ਪੀਣ ਯੋਗ ਪਾਣੀ ਨਹੀਂ ਰਿਹਾ। ਛੱਪੜ ਨੇੜਲੇ ਦੋ ਸਰਕਾਰੀ ਸਕੂਲਾਂ ਵਿੱਚ ਮੱਛੀਆਂ ਦੀ ਬਦਬੂ ਨਾ ਸਿਰਫ਼ ਬੱਚਿਆਂ ਨੂੰ ਸਗੋਂ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਸ ਬਦਬੂ ਕਾਰਨ ਪਿੰਡ ’ਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਛੱਪੜ ਨੂੰ ਠੇਕੇਦਾਰ ਵੱਲੋਂ ਕਾਫੀ ਸਮਾਂ ਪਹਿਲਾਂ ਮੱਛੀ ਪਾਲਣ ਲਈ ਠੇਕੇ ’ਤੇ ਲਿਆ ਗਿਆ ਸੀ। ਉਸ ਤੋਂ ਬਾਅਦ ਹਰ ਸਾਲ ਇਸ ਛੱਪੜ ਵਿੱਚ ਮੱਛੀਆਂ ਛੱਡੀਆਂ ਜਾ ਰਹੀਆਂ ਹਨ। ਅਚਾਨਕ ਮੱਛੀਆਂ ਮਰਨ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਦੇ ਮਨ੍ਹਾਂ ਕਰਨ ਕਾਰਨ ਠੇਕੇਦਾਰਾਂ ਨੇ ਇਸ ਵਾਰ ਗਰਮੀਆਂ ਦੇ ਮੌਸਮ ਵਿੱਚ ਵੀ ਮੱਛੀਆਂ ਛੱਡ ਦਿੱਤੀਆਂ ਹਨ, ਜਿਸ ਕਾਰਨ ਪਾਣੀ ਖਰਾਬ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬਲਾਕ ਬੜਾਗੁੜਾ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਛੱਪੜ ਵਿੱਚੋਂ ਮਰੀਆਂ ਮੱਛੀਆਂ ਨੂੰ ਬਾਹਰ ਕੱਢਿਆ ਜਾਵੇ ਅਤੇ ਭਵਿੱਖ ਵਿੱਚ ਮੱਛੀਆਂ ਨੂੰ ਨਾ ਛੱਡਿਆ ਜਾਵੇ।