ਪੱਤਰ ਪ੍ਰੇਰਕ
ਜੈਤੋ, 28 ਅਪਰੈਲ
ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਨੂੰ ਅੱਜ ਉਦੋਂ ਤਕੜਾ ਹੁਲਾਰਾ ਮਿਲਿਆ ਜਦੋਂ ਸ਼ਹਿਰ ਦੇ 4 ਕੌਂਸਲਰ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਨ੍ਹਾਂ ਕੌਂਸਲਰਾਂ ਦਾ ਇੱਥੇ ਪਾਰਟੀ ਦਫ਼ਤਰ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਫ਼ਰੀਦਕੋਟ ਹਲਕੇ ਤੋਂ ਸੰਸਦੀ ਚੋਣ ਲੜ ਰਹੇ ਕਰਮਜੀਤ ਅਨਮੋਲ ਅਤੇ ਵਿਧਾਇਕ ਅਮੋਲਕ ਸਿੰਘ ਵੱਲੋਂ ਸਵਾਗਤ ਕੀਤਾ ਗਿਆ।
ਸ੍ਰੀ ਅਨਮੋਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਸ਼ ਦੇ ਲੋਕ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੀ ਰਾਜਨੀਤੀ ਦੇ ਕੀਲੇ ਹੋਏ ਲੋਕ ਆਮ ਲਗਾਤਾਰ ਆਦਮੀ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋ ਰਹੇ ਹਨ। ਉਨ੍ਹਾਂ ਭਾਜਪਾ ਉੱਪਰ ਦੇਸ਼ ਦਾ ਫ਼ਿਰਕੂ ਧਰੁਵੀਕਰਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਵੋਟਾਂ ਖ਼ਾਤਰ ਦੇਸ਼ ਦੀ ਆਨ, ਬਾਨ, ਸ਼ਾਨ ਤੇ ਸੰਵਿਧਾਨ ਨੂੰ ਦਾਅ ’ਤੇ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਸੂਝਵਾਨ ਹੋ ਚੁੱਕੇ ਹਨ ਅਤੇ ਉਹ ਅਜਿਹੀਆਂ ਨਾ-ਪਾਕ ਸਾਜ਼ਿਸ਼ਾਂ ਨੂੰ ਨਾਕਾਮ ਕਰ ਦੇਣਗੇ।
ਵਿਧਾਇਕ ਅਮੋਲਕ ਸਿੰਘ ਨੇ ਆਖਿਆ ਕਿ ਆਜ਼ਾਦੀ ਤੋਂ ਬਾਅਦ ਲਗਾਤਾਰ ਸੱਤਾ ਹੰਢਾਉਣ ਵਾਲਿਆਂ ਦੀਆਂ ਨੀਤੀਆਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਦੇਸ਼ ਵਾਸੀਆਂ ਦੇ ਮਨਾਂ ’ਚ ਇਸ ਵਕਤ ਕ੍ਰਾਂਤੀ ਦੀ ਚਿਣਗ ਸੁਲਘ ਰਹੀ ਹੈ, ਜੋ ਨਾਂਹ-ਪੱਖੀ ਸਿਆਸਤ ਕਰਨ ਵਾਲੀਆਂ ਤਾਕਤਾਂ ਨੂੰ ਇਨ੍ਹਾਂ ਚੋਣਾਂ ’ਚ ਦੁੱਧ ’ਚੋਂ ਮੱਖੀ ਵਾਂਗ ਕੱਢ ਕੇ ਵਗਾਹ ਮਾਰੇਗੀ।
ਅੱਜ ‘ਆਪ’ ਵਿੱਚ ਕੌਂਸਲਰ ਸੁਮਨ ਗਰਗ, ਹਰਪ੍ਰੀਤ ਕੌਰ, ਸਤਨਾਮ ਸਿੰਘ, ਖ਼ੁਸ਼ੀ ਰਾਮ ਸਮੇਤ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੱਚਾ ਆੜ੍ਹਤੀਆ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਸੁਖਵਿੰਦਰਪਾਲ ਗਰਗ ਅਤੇ ਅੱਧੀ ਦਰਜਨ ਹੋਰ ਵਿਅਕਤੀ ਸ਼ਾਮਿਲ ਹੋਏ। ਇਸ ਮੌਕੇ ‘ਆਪ’ ਦੇ ਸੂਬਾਈ ਆਗੂ ਮਨਜੀਤ ਸਿੱਧੂ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਰਾਮੇਆਣਾ, ਦਿ ਟਰੱਕ ਅਪ੍ਰੇਟਰਜ਼ ਐਸੋਸੀਏਸ਼ਨ ਦੇ ਸੂਬਾ ਆਗੂ ਐਡਵੋਕੇਟ ਹਰਸਿਰਮਨ ਮਲਹੋਤਰਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਕੌਂਸਲਰ ਡਾ. ਹਰੀਸ਼ ਚੰਦਰ, ਨਰਿੰਦਰਪਾਲ ਰਾਮੇਆਣਾ, ਸੱਤ ਪਾਲ ਡੋਡ, ਕੁਲਦੀਪ ਸਿੰਘ ਦਲ ਸਿੰਘ ਵਾਲਾ, ਤੀਰਥ ਰਾਜ ਗਰਗ, ਸੁਖਰੀਤ ਰੋਮਾਣਾ, ਅਮਨ ਧਾਲੀਵਾਲ, ਉਡੀਕ ਮਲਹੋਤਰਾ, ਬਲਾਕ ਪ੍ਰਧਾਨ ਪਰਮਜੀਤ ਸਿੱਧੂ ਆਦਿ ਮੌਜੂਦ ਸਨ।