ਆਤਿਸ਼ ਗੁਪਤਾ
ਚੰਡੀਗੜ੍ਹ, 20 ਫਰਵਰੀ
ਕੇਂਦਰ ਸਰਕਾਰ ਵੱਲੋਂ ਸੁਧਾਰਾਂ ਦੇ ਨਾਂ ’ਤੇ ਲਿਆਂਦੇ ਜਾ ਰਹੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ’ਚ ਕਿਸਾਨ ਮਹਾਪੰਚਾਇਤ ਕੀਤੀ ਗਈ। ‘ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ’ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਰੱਖੀ ਗਈ ਮਹਾਪੰਚਾਇਤ ਵਿੱਚ ਪੰਜਾਬ ਅਤੇ ਹਰਿਆਣਾ ਦੇ ਕੋਨੇ-ਕੋਨੇ ਤੋਂ ਕਿਸਾਨ ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਕਾਲੇ ਕਰਾਰ ਦਿੰਦਿਆਂ ਇਨ੍ਹਾਂ ਨੂੰ ਰੱਦ ਕਰਵਾਉਣ ਦਾ ਅਹਿਦ ਕੀਤਾ। ਇਸ ਤੋਂ ਇਲਾਵਾ ਵਧੀਆਂ ਤੇਲ ਕੀਮਤਾਂ ਤੇ ਮਹਿੰਗਾਈ ਦਾ ਮੁੱਦਾ ਵੀ ਪੰਚਾਇਤ ਵਿਚ ਗੂੰਜਿਆ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਝੂਠੇ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕੇਸਾਂ ਦੇ ਡਰ ਤੋਂ ਖ਼ਤਮ ਹੋਣ ਵਾਲਾ ਨਹੀਂ ਹੈ, ਇਹ ਤਾਂ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਖ਼ਤਮ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਾਰਪੋਰੇਟਾਂ ਦੇ ਡਰ ਤੋਂ ਖੇਤੀ ਕਾਨੂੰਨ ਰੱਦ ਨਹੀਂ ਕਰ ਰਹੀ ਹੈ ਜਿਨ੍ਹਾਂ ਦੇਸ਼ ਵਿੱਚ 20 ਹਜ਼ਾਰ ਮੀਟ੍ਰਿਕ ਟਨ ਅਨਾਜ ਦੇ ਭੰਡਾਰਨ ਲਈ ਗੁਦਾਮ ਤਿਆਰ ਕਰ ਲਏ ਹਨ। ਉਗਰਾਹਾਂ ਨੇ ਕਿਹਾ ਕਿ ਕਿਸਾਨ ਆਗੂਆਂ ’ਤੇ ਦਰਜ ਕੀਤੇ ਗਏ ਝੂਠੇ ਕੇਸਾਂ ਵਿੱਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਹੋਣ ਦਿੱਤਾ ਜਾਵੇਗਾ।
ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਤੇਲ ਤੇ ਗੈਸ ਦੀ ਕੀਮਤ ਨਵੀਆਂ ਸਿਖ਼ਰਾਂ ਉਤੇ ਹੈ ਪਰ ਕੇਂਦਰ ਸਰਕਾਰ ਕੁਝ ਚੋਣਵੇਂ ਕਾਰਪੋਰੇਟਾਂ ਦੇ ਹੱਕ ਵਿੱਚ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਸ਼ਹਿਰ ਵਿੱਚ ਇਕ ਮਾਲ ਖੁੱਲ੍ਹਣ ਨਾਲ 100 ਦੁਕਾਨਾਂ ਬੰਦ ਹੋ ਜਾਂਦੀਆਂ ਹਨ। ਜੇਕਰ ਹੁਣ ਪ੍ਰਾਈਵੇਟ ਮੰਡੀ ਸਿਸਟਮ ਸ਼ੁਰੂ ਹੋ ਗਿਆ ਤਾਂ ਮੰਡੀਆਂ ਦਾ ਕਾਰੋਬਾਰ ਖ਼ਤਮ ਹੋ ਜਾਵੇਗਾ। ਇਸ ਦਾ ਅਸਰ ਪਿੰਡਾਂ ਦੇ ਵਿਕਾਸ ’ਤੇ ਵੀ ਪਵੇਗਾ। ਉਨ੍ਹਾਂ ਲੋਕਾਂ ਨੂੰ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਪਿੰਡ ਬਚਾਓ ਸੰਘਰਸ਼ ਕਮੇਟੀ, ਚੰਡੀਗੜ੍ਹ ਦੇ ਸਰਪ੍ਰਸਤ ਸਾਧੂ ਸਿੰਘ ਨੇ ਵੀ ਕਿਸਾਨ ਸੰਘਰਸ਼ ਵਿੱਚ ਸਭ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਸਾਨ ਕਿਸੇ ਦੇ ਡਰ ਤੋਂ ਦੱਬਣ ਵਾਲੇ ਨਹੀਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਕਿਸਾਨ ਯੂਨੀਅਨ ਤੋਂ ਕੰਵਲਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਮੋਹਨ ਸਿੰਘ, ਆਲ ਇੰਡੀਆ ਕਿਸਾਨ ਮਹਾਸਭਾ ਦੇ ਪ੍ਰੇਮ ਸਿੰਘ ਗਹਿਲੋਤ, ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਜ਼ੋਰਾ ਸਿੰਘ, ਚੰਡੀਗੜ੍ਹ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਨ ਸਿੰਘ, ਡਾ. ਪਿਆਰੇ ਲਾਲ ਗਰਗ, ‘ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ’ ਦੇ ਪਰਤੀਕ ਸਿੰਘ, ਕ੍ਰਿਪਾਲ ਸਿੰਘ, ਜੈ ਸਿੰਘ ਖਾਲਸਾ, ਸੁਖਵਿੰਦਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
ਅਮਰੀਕੀ ਕਿਸਾਨ ਸੰਗਠਨ ਭਾਰਤੀ ਕਿਸਾਨਾਂ ਦੀ ਪਿੱਠ ’ਤੇ ਆਏ
ਮਿਨੀਪੋਲਿਸ: ਅਮਰੀਕਾ ਦੀਆਂ 87 ਕਿਸਾਨ ਜਥੇਬੰਦੀਆਂ, ਖੇਤੀ ਤੇ ਖੁਰਾਕੀ ਹੱਕਾਂ ਬਾਰੇ ਸੰਘਰਸ਼ ਕਰਨ ਵਾਲੇ ਸੰਗਠਨਾਂ ਨੇ ਭਾਰਤ ਵਿਚ ਜਾਰੀ ਸੰਯੁਕਤ ਕਿਸਾਨ ਮੋਰਚੇ ਦੇ ਇਤਿਹਾਸਕ ਅੰਦੋਲਨ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ। ਬਿਆਨ ਵਿਚ ਅਮਰੀਕੀ ਸੰਗਠਨਾਂ ਨੇ ਭਾਰਤ ਵਿਚ ਇਕਜੁੱਟ ਹੋ ਕੇ ਕੀਤੇ ਜਾ ਰਹੇ ਸੰਘਰਸ਼ ਲਈ ਆਦਰ-ਮਾਣ ਦਾ ਇਜ਼ਹਾਰ ਕਰਦਿਆਂ ਭਾਰਤ ਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਸਾਨਾਂ ਦੀ ਮਦਦ ਕੀਤੀ ਜਾਵੇ। ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਤੇ ਖੁਰਾਕ ਢਾਂਚੇ ਦੀ ਰਾਖੀ ਯਕੀਨੀ ਬਣਾਈ ਜਾਵੇ। ਅਮਰੀਕੀ ਸੰਗਠਨਾਂ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤ ਦੇ ਕਿਸਾਨਾਂ ਨੇ ਗ਼ੈਰਵਾਜਬ ਖੇਤੀ ਕਾਨੂੰਨਾਂ ਖ਼ਿਲਾਫ਼ ਵਿਸ਼ਵ ਦੀ ਇਕ ਸਭ ਤੋਂ ਵੱਡੀ ਮੁਹਿੰਮ ਛੇੜੀ ਹੈ। ਉਨ੍ਹਾਂ ਕਾਹਲੀ ਨਾਲ ਕਾਨੂੰਨ ਸੰਸਦ ਵਿਚ ਪਾਸ ਕਰਨ ਤੇ ਸ਼ਾਂਤੀਪੂਰਨ ਰੋਸ ਪ੍ਰਗਟਾਉਣ ਦੇ ਹੱਕ ਨੂੰ ਦੱਬਣ ਲਈ ਚੱਲੀਆਂ ਗਈਆਂ ਚਾਲਾਂ ਦਾ ਜ਼ਿਕਰ ਵੀ ਕੀਤਾ ਹੈ। ਸੰਗਠਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿਚ ਲਏ ਬਿਨਾਂ ਮੰਡੀ ਢਾਂਚੇ ਨੂੰ ਆਜ਼ਾਦ ਕਰਨਾ ਠੀਕ ਨਹੀਂ ਹੈ। ਅਮਰੀਕੀ ਸੰਗਠਨ ‘ਇੰਸਟੀਚਿਊਟ ਫਾਰ ਐਗਰੀਕਲਚਰ ਐਂਡ ਟਰੇਡ ਪਾਲਿਸੀ’ ਦੀ ਕਾਰਜਕਾਰੀ ਡਾਇਰੈਕਟਰ ਸੋਫ਼ੀਆ ਮਰਫ਼ੀ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤੇ ਭਾਰਤ ਦੇ ਕਿਸਾਨਾਂ ਨਾਲ ਖੜ੍ਹੇ ਹਨ। -ਆਈਏਐਨਐੱਸ
ਕਿਸਾਨਾਂ ਤੋਂ ਦੋ ਗੁਣਾਂ ਵੱਧ ਕਰਜ਼ਾ ਲੈ ਕੇ ਫਰਾਰ ਹੋਏ ਕਾਰਪੋਰੇਟ: ਚੜੂਨੀ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਆਪਣੀ ਹੋਂਦ ਬਚਾਉਣ ਲਈ ਧਰਮ ਯੁੱਧ ਲੜ ਰਿਹਾ ਹੈ। ਇਸ ਵਿੱਚ ਹਰ ਕਿਸੇ ਨੂੰ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਰਾਜਨੇਤਾ ਇਸ ਧਰਮ ਯੁੱਧ ਵਿੱਚ ਸਹਿਯੋਗ ਨਹੀਂ ਕਰਦਾ ਤਾਂ ਅਗਾਮੀ ਚੋਣਾਂ ਵਿੱਚ ਉਨ੍ਹਾਂ ਰਾਜਨੇਤਾਵਾਂ ਨੂੰ ਵੋਟ ਨਾ ਦਿੱਤੀ ਜਾਵੇ। ਚੜੂਨੀ ਨੇ ਕਿਹਾ ਕਿ ਕਿਸਾਨਾਂ ’ਤੇ ਕੁੱਲ ਕਰਜ਼ੇ ਤੋਂ ਦੋ ਗੁਣਾ ਜ਼ਿਆਦਾ ਕਰਜ਼ਾ ਕਾਰਪੋਰੇਟ ਲੈ ਕੇ ਭੱਜ ਗਏ ਹਨ। ਇਨ੍ਹਾਂ ਵਿੱਚੋਂ ਇਕ ਵੀ ਵਿਅਕਤੀ ਜੇਲ੍ਹ ਨਹੀਂ ਗਿਆ ਹੈ। ਜਦਕਿ ਦੇਸ਼ ਦਾ ਅੰਨਦਾਤਾ ਕਰਜ਼ੇ ਹੇਠ ਦੱਬਿਆ ਰੋਜ਼ਾਨਾ ਖ਼ੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਅੰਬਾਨੀ, ਅਡਾਨੀ ਅਤੇ ਰਾਮਦੇਵ ਦੇ ਸਾਮਾਨ ਅਤੇ ਭਾਜਪਾ ਆਗੂਆਂ ਦੇ ਬਾਈਕਾਟ ਲਈ ਕਿਹਾ।
ਕਿਸਾਨ ਸਭਾ ਵੱਲੋਂ ਰਾਜਸਥਾਨ ’ਚ ਮਹਾਪੰਚਾਇਤਾਂ ਭਲਕ ਤੋਂ
ਜੈਪੁਰ: ਆਲ ਇੰਡੀਆ ਕਿਸਾਨ ਸਭਾ ਵੱਲੋਂ ਰਾਜਸਥਾਨ ਵਿੱਚ 22 ਤੋਂ 26 ਫਰਵਰੀ ਤੱਕ ਕਿਸਾਨ ਮਹਾਪੰਚਾਇਤਾਂ ਕਰਵਾਈਆਂ ਜਾਣਗੀਆਂ। ਕਿਸਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਕਿਸਾਨ ਮਹਾਪੰਚਾਇਤਾਂ 22 ਫਰਵਰੀ ਨੂੰ ਨੌਹਰ (ਜ਼ਿਲ੍ਹਾ ਹਨੂੰਮਾਨਗੜ੍ਹ), 23 ਫਰਵਰੀ ਨੂੰ ਸਰਦਾਰਸ਼ਹਿਰ (ਚੁਰੂ) ਤੇ ਸੀਕਰ, 25 ਫਰਵਰੀ ਨੂੰ ਮਹਿੰਦੀਪੁਰ ਬਾਲਾਜੀ (ਦੌਸਾ) ਅਤੇ 26 ਫਰਵਰੀ ਨੂੰ ਗੰਗਾਨਗਰ ਜ਼ਿਲ੍ਹੇ ਦੇ ਪਦਮਪੁਰ ਮੰਡੀ ਤੇ ਘੜਸਾਨਾ ਮੰਡੀ (ਗੰਗਾਨਗਰ) ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਹਾਪੰਚਾਇਤਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਤੋਂ ਇਲਾਵਾ ਹੋਰ ਆਗੂ ਸੰਬੋਧਨ ਕਰਨਗੇ। -ਪੀਟੀਆਈ
ਕੇਜਰੀਵਾਲ ਅਤੇ ਕਿਸਾਨ ਆਗੂਆਂ ਦੀ ਬੈਠਕ ਅੱਜ
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਵਿਧਾਨ ਸਭਾ ਵਿੱਚ ਕਿਸਾਨ ਨੇਤਾਵਾਂ ਨਾਲ ਮੀਟਿੰਗ ਕਰਨਗੇ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਦਿੱਲੀ ਸਰਕਾਰ ਵੱਲੋਂ ਕਿਸੇ ਚਰਚਾ ਲਈ ਸੱਦਾ ਨਹੀਂ ਮਿਲਿਆ ਹੈ। ਜਾਣਕਾਰੀ ਅਨੁਸਾਰ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਨਾਲ ਜੁੜੇ ਹੋਰ ਮੁੱਦਿਆਂ ਨੂੰ ਮੀਟਿੰਗ ਵਿੱਚ ਉਠਾਇਆ ਜਾਵੇਗਾ। ਆਮ ਆਦਮੀ ਪਾਰਟੀ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਹ ਐਲਾਨ ਕੀਤਾ ਹੈ। ‘ਆਪ’ ਨੇ ਕਿਹਾ ਹੈ ਕਿ ਪਾਰਟੀ ਕਿਸਾਨਾਂ ਦੁਆਰਾ ਸ਼ਾਂਤਮਈ ਅੰਦੋਲਨ ਵਿਚ ਸਹਾਇਤਾ ਕਰੇਗੀ।
ਦਿੱਲੀ ਹਿੰਸਾ: 15 ਦੀ ਜ਼ਮਾਨਤ ਮਨਜ਼ੂਰ
ਨਵੀਂ ਦਿੱਲੀ: ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਗ੍ਰਿਫ਼ਤਾਰ ਕੀਤੇ ਕਿਸਾਨਾਂ ਵਿੱਚੋਂ ਅੱਜ 15 ਜਣਿਆਂ ਨੂੰ ਜ਼ਮਾਨਤ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਕਾਨੂੰਨੀ ਸੈੱਲ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਥਾਣਾ ਪੱਛਮੀ ਵਿਹਾਰ ਵਿੱਚ ਬੰਦ ਬਠਿੰਡਾ ਜ਼ਿਲ੍ਹੇ ਦੇ ਜਗਸੀਰ ਸਿੰਘ, ਤਲਵੰਡੀ ਸਾਬੋ ਦੇ ਮੱਖਣ ਸਿੰਘ ਤੇ ਬਰਿੰਦਰ ਸਿੰਘ, ਮਾਨਸਾ ਦੇ ਸੁਖਜਿੰਦਰ ਸਿੰਘ ਤੇ ਵਿੱਕੀ, ਮੁਕਤਸਰ ਸਾਹਿਬ ਦੇ ਜਸਵਿੰਦਰ ਸਿੰਘ, ਲੁਧਿਆਣਾ ਦੇ ਪ੍ਰਦੀਪ ਸਿੰਘ, ਫਿਰੋਜ਼ਪੁਰ ਦੇ ਸੁਖਰਾਜ ਸਿੰਘ ਤੇ ਹਰਪ੍ਰੀਤ ਸਿੰਘ, ਫਾਜ਼ਿਲਕਾ ਦੇ ਯਾਦਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਜ਼ਮਾਨਤ ਦਿੱਤੀ ਗਈ ਹੈ। ਇਸੇ ਤਰ੍ਹਾਂ ਕਿ ਬੁਰਾੜੀ ਥਾਣੇ ਵਿੱਚ ਬੰਦ ਰਾਜਿੰਦਰ ਸਿੰਘ, ਸਤਬੀਰ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਤੇ ਰਵੀ ਕੁਮਾਰ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਸ੍ਰੀ ਭੰਗੂ ਨੇ ਦੱਸਿਆ ਕਿ ਜੋਗਿੰਦਰ ਸਿੰਘ (ਮਾਨਸਾ), ਬਲਵਿੰਦਰ ਸਿੰਘ (ਹੁਸ਼ਿਆਰਪੁਰ), ਗੁਰਦਿਆਲ ਸਿੰਘ (ਹੁਸ਼ਿਆਰਪੁਰ) ਤੇ ਪ੍ਰਗਟ ਸਿੰਘ (ਫ਼ਿਰੋਜ਼ਪੁਰ) ਨੂੰ ਤਿਹਾੜ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ।