ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 5 ਮਈ
ਪੰਜਾਬੀ ਵਿਰਸਾ ਸੱਭਿਆਚਾਰ ਅਤੇ ਵੈੱਲਫੇਅਰ ਸੁਸਾਇਟੀ ਵੱਲੋਂ ਡਿਪਲਾਸਟ ਸਨਅਤੀ ਗਰੁੱਪ ਦੇ ਸਹਿਯੋਗ ਨਾਲ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਅਗਵਾਈ ਹੇਠ ਇੱਥੋਂ ਦੇ ਸੈਕਟਰ-69 ਦੇ ਗੁਰਦੁਆਰੇ ’ਚ 26ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਨੌਜਵਾਨ ਆਗੂ ਇੰਦਰਪਾਲ ਸਿੰਘ ਧਨੋਆ ਨੇ ਦੱਸਿਆ ਕਿ ਕੈਂਪ ਦੌਰਾਨ ਪੀਜੀਆਈ ਬਲੱਡ ਬੈਂਕ ਦੀ ਟੀਮ ਨੇ 182 ਯੂਨਿਟ ਇਕੱਤਰ ਕੀਤੇ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਲਾਸਟ ਗਰੁੱਪ ਦੇ ਐਮਡੀ ਅਸ਼ੋਕ ਗੁਪਤਾ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਖੂਨਦਾਨੀਆਂ ਦੀ ਹੌਸਲਾ-ਅਫ਼ਜਾਈ ਕਰਦਿਆਂ ਸ਼ਹਿਰ ਅਤੇ ਪਿੰਡ ਪੱਧਰ ’ਤੇ ਖੂਨਦਾਨ ਪ੍ਰਤੀ ਲੋਕ ਲਹਿਰ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ, ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ।