ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 27 ਜੁਲਾਈ
ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ’ਚ ਰਿਕਾਰਡਤੋੜ ਵਿਕਾਸ ਕਾਰਜ ਅਤੇ ਉਨ੍ਹਾਂ ਦੀ ਨੁਹਾਰ ਬਦਲਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਮਾਛੀਵਾੜਾ ਬਲਾਕ ਦਾ ਪਿੰਡ ਮੁਬਾਰਕਪੁਰ ਜਿਸ ਦੀਆਂ ਗਲੀਆਂ ਵਿੱਚ ਫੈਲਿਆ ਚਿੱਕੜ ਤੇ ਗੰਦਗੀ ਇਨ੍ਹਾਂ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਮੁਬਾਰਕਪੁਰ ਪਿੰਡ ਵਿੱਚ ਥੋੜੇ ਜਿਹਾ ਮੀਂਹ ਪੈਣ ਤੋਂ ਬਾਅਦ ਹੀ ਗਲੀਆਂ ਵਿੱਚ ਚਿੱਕੜ ਫੈਲ ਜਾਂਦਾ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਨਾਲੀਆਂ ਦਾ ਬਦਬੂਦਾਰ ਪਾਣੀ ਵੀ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੰਦਾ ਹੈ। ਇਸ ਚਿੱਕੜ ਤੇ ਗੰਦਗੀ ਕਾਰਨ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਵਿੱਚ ਵੜ੍ਹਨਾ ਤੇ ਨਿਕਲਣਾ ਔਖਾ ਹੋਇਆ ਪਿਆ ਹੈ। ਇਸ ਸਬੰਧੀ ਪਿੰਡ ਵਾਸੀ ਅਜਮੇਰ ਸਿੰਘ ਨੇ ਬਲਾਕ ਪੰਚਾਇਤ ਦਫ਼ਤਰ ਵਿੱਚ ਸ਼ਿਕਾਇਤ ਵੀ ਦਿੱਤੀ ਕਿ ਗਲੀਆਂ ਵਿੱੱਚ ਫੈਲੇ ਚਿੱਕੜ ਤੇ ਗੰਦਗੀ ਕਾਰਨ ਭਿਆਂਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ, ਇਸ ਲਈ ਪ੍ਰਸ਼ਾਸਨ ਤੁਰੰਤ ਹੱਲ ਕਰੇ। ਉਨ੍ਹਾਂ ਕਿਹਾ ਕਿ ਪੰਚਾਇਤ ਆਪਣੇ ਪੱਧਰ ’ਤੇ ਗਲੀਆਂ ’ਚੋਂ ਸਫ਼ਾਈ ਕਰਵਾਏ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਸੌਖੇ ਢੰਗ ਨਾਲ ਆ-ਜਾ ਸਕਣ।
ਜਦੋਂ ਇਸ ਸਬੰਧੀ ਬੀਡੀਪੀਓ ਰਾਜਵਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਲਈ ਗਲੀਆਂ ਪੁੱਟ ਕੇ ਨਵੀਆਂ ਪਾਈਪਾਂ ਪਾਈਆਂ ਗਈਆਂ ਸਨ ਪਰ ਉਸ ਤੋਂ ਬਾਅਦ ਵਿਭਾਗ ਨੇ ਮੁਰੰਮਤ ਨਹੀਂ ਕੀਤੀ, ਜਿਸ ਕਾਰਨ ਚਿੱਕੜ ਤੇ ਗੰਦਗੀ ਫੈਲੀ ਹੋਈ ਹੈ। ਬੀਡੀਪੀਓ ਨੇ ਕਿਹਾ ਕਿ ਇਸ ਸੰਬਧੀ ਉਨ੍ਹਾਂ ਸਬੰਧਿਤ ਵਿਭਾਗ ਨੂੰ ਲਿਖ਼ਤੀ ਪੱਤਰ ਵੀ ਦਿੱਤਾ ਕਿ ਗਲੀਆਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਪਰ ਕੋਈ ਕਾਰਵਾਈ ਨਾ ਹੋਈ। ਪੰਚਾਇਤ ਵੱਲੋਂ ਗਲੀਆਂ ਦੀ ਸਫ਼ਾਈ ਕਰਵਾਉਣ ਸਬੰਧੀ ਉਨ੍ਹਾਂ ਕਿਹਾ ਕਿ ਫੰਡ ਹੀ ਨਹੀਂ ਹੈ, ਇਸ ਲਈ ਉਹ ਵੀ ਸਫ਼ਾਈ ਨਹੀਂ ਕਰਵਾ ਸਕਦੇ। ਜਦੋਂ ਤੱਕ ਵਾਟਰ ਸਪਲਾਈ ਵਿਭਾਗ ਇਨ੍ਹਾਂ ਗਲੀਆਂ ਦੀ ਮੁਰੰਮਤ ਨਹੀਂ ਕਰਦਾ ਉਦੋਂ ਤੱਕ ਮੁਬਾਰਕਪੁਰ ਦੇ ਪਿੰਡ ਵਾਸੀਆਂ ਨੂੰ ਇਸ ਗੰਦਗੀ ਤੇ ਚਿੱਕੜ ਦੀ ਪ੍ਰੇਸ਼ਾਨੀ ਨਾਲ ਜੂਝਣਾ ਪਵੇਗਾ।