ਜਗਰਾਉਂ: ਪਿੰਡ ਕੋਠੇ ਬੱਗੂ ਦੇ ਗੁਰਦੁਆਰੇ ’ਚ ਆਪਣੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਪ੍ਰੇਮੀ ਨਾਲ ਆਨੰਦ ਕਾਰਜ ਕਰਵਾਉਣ ਆਈ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਸਮੇਤ ਅਗਵਾ ਕਰ ਲਿਆ। ਡੀਐੱਸਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਲੜਕਾ-ਲੜਕੀ ਮੋਗਾ ਜ਼ਿਲ੍ਹੇ ਦੇ ਪਿੰਡਾਂ ਨਾਲ ਸਬੰਧਤ ਹਨ। ਲੜਕੀ ਦੀ ਉਮਰ 20 ਸਾਲ ਅਤੇ ਲੜਕਾ 22 ਸਾਲਾਂ ਦਾ ਹੈ। ਇਕੱਠੇ ਪੜ੍ਹਦਿਆਂ ਦੋਹਾਂ ’ਚ ਪ੍ਰੇਮ ਸਬੰਧ ਬਣ ਗਏ। ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਲੜਕੇ ਦਾ ਪਰਿਵਾਰ ਵਿਆਹ ਲਈ ਰਜ਼ਾਮੰਦ ਸੀ ਪਰ ਲੜਕੀ ਦਾ ਪਰਿਵਾਰ ਇਸ ਵਿਆਹ ਦੇ ਹੱਕ ਵਿੱਚ ਨਹੀਂ ਸੀ। ਇਸ ਦੇ ਚੱਲਦਿਆਂ ਲੜਕੀ ਘਰੋਂ ਭੱਜ ਆਈ ਤੇ ਮਿੱਥੇ ਪ੍ਰੋਗਰਾਮ ਅਨੁਸਾਰ ਪਿੰਡ ਕੋਠੇ ਬੱਗੂ ਦੇ ਗੁਰਦੁਆਰੇ ’ਚ ਆਨੰਦ ਕਾਰਜ ਕਰਵਾਉਣ ਪਹੁੰਚ ਗਈ। ਡੀਐੱਸਪੀ ਅਨੁਸਾਰ ਲੜਕੇ ਦਾ ਪਰਿਵਾਰ ਪਹਿਲਾਂ ਹੀ ਉੱਥੇ ਹਾਜ਼ਰ ਸੀ। ਹਾਲੇ ਆਨੰਦ ਕਾਰਜ ਦੀਆਂ ਰਸਮਾਂ ਚੱਲ ਰਹੀਆਂ ਸਨ ਕਿ ਲੜਕੀ ਦੇ ਪਰਿਵਾਰ ਦੇ ਕੁੱਝ ਮੈਂਬਰ ਹਥਿਆਰਾਂ ਨਾਲ ਲੈਸ ਹੋ ਕੇ ਦੋ ਗੱਡੀਆਂ ਵਿੱਚ ਆਏ ਅਤੇ ਲੜਕੇ-ਲੜਕੀ ਨੂੰ ਜਬਰੀ ਗੱਡੀ ’ਚ ਸੁੱਟ ਕੇ ਲੈ ਗਏ। ਗੁਰਦੁਆਰੇ ਦੇ ਗ੍ਰੰਥੀ ਨੇ ਇਸ ਦੀ ਸੂਚਨਾ ਸਰਪੰਚ ਨਵਦੀਪ ਸਿੰਘ ਨੂੰ ਦਿੱਤੀ ਤਾਂ ਪੁਲੀਸ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲਿਆ। ਡੀਐੱਸਪੀ ਨੇ ਦੱਸਿਆ ਕਿ ਲੜਕੇ ਦੇ ਪਿਤਾ ਪੂਰਨ ਸਿੰਘ ਵਾਸੀ ਬੁੱਟਰ ਕਲਾਂ ਦੇ ਬਿਆਨਾਂ ਦੇ ਆਧਾਰ ’ਤੇ ਲੜਕੀ ਦੇ ਪਰਿਵਾਰ ’ਚੋਂ ਜਸਵਿੰਦਰ ਸਿੰਘ, ਹਨੀ, ਬੰਤ ਸਿੰਘ ਤੇ ਜਲੌਰ ਸਿੰਘ ਸਮੇਤ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ