ਕੇਪੀ ਸਿੰਘ
ਗੁਰਦਾਸਪੁਰ, 28 ਅਪਰੈਲ
ਇੱਥੇ ਫ਼ਰੀਦਕੋਟ ਜੇਲ੍ਹ ਤੋਂ ਗੁਰਦਾਸਪੁਰ ਕੇਂਦਰੀ ਜੇਲ੍ਹ ਤਬਦੀਲ ਕੀਤੇ ਹਵਾਲਾਤੀ ਨੇ ਅੱਜ ਸੁਪਰਡੈਂਟ ’ਤੇ ਹਮਲਾ ਕਰ ਦਿੱਤਾ। ਜਿਵੇਂ ਹੀ ਹਵਾਲਾਤੀ ਨੂੰ ਅਧਿਕਾਰੀ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਉਥੇ ਪਈ ਕੁਰਸੀ ਚੁੱਕ ਕੇ ਸੁਪਰਡੈਂਟ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਸੁਪਰਡੈਂਟ ਨੇ ਕਿਵੇਂ ਨਾ ਕਿਵੇਂ ਆਪਣਾ ਬਚਾਅ ਕੀਤਾ। ਉਸ ਤੋਂ ਬਾਅਦ ਹਵਾਲਾਤੀ ਨੇ ਜੇਲ੍ਹ ਅਧਿਕਾਰੀ ਦੇ ਮੇਜ਼ ’ਤੇ ਪਏ ਪੈੱਨ ਚੁੱਕ ਕੇ ਉਸ ਨੂੰ ਹਥਿਆਰ ਵਾਂਗ ਸੁਪਰਡੈਂਟ ’ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਗਾਰਦ ਦੇ ਸਹਿਯੋਗ ਨਾਲ ਇਸ ਹਮਲੇ ਨੂੰ ਵੀ ਨਾਕਾਮ ਕਰ ਦਿੱਤਾ ਗਿਆ। ਸਿਟੀ ਪੁਲੀਸ ਸਟੇਸ਼ਨ ਗੁਰਦਾਸਪੁਰ ਵਿੱਚ ਜੇਲ੍ਹ ਸੁਪਰਡੈਂਟ ਨਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਸੰਜੇ ਕੁਮਾਰ ਉਰਫ਼ ਸਾਜਨ ਖ਼ਿਲਾਫ਼ 353, 186 ਅਤੇ 511 ਧਾਰਾਵਾਂ ਤਹਿਤ ਇੱਕ ਹੋਰ ਕੇਸ ਦਰਜ ਕਰ ਲਿਆ ਗਿਆ ਹੈ। ਜੇਲ੍ਹ ਸੁਪਰਡੈਂਟ ਨਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਾਸੀ ਹਵਾਲਾਤੀ ਸੰਜੇ ਕੁਮਾਰ ਉਰਫ਼ ਸਾਜਨ ਨਾਇਰ ਪੁੱਤਰ ਵਿਜੇ ਕੁਮਾਰ ਨੂੰ ਕੇਂਦਰੀ ਜੇਲ੍ਹ ਫ਼ਰੀਦਕੋਟ ਤੋਂ 27 ਅਪਰੈਲ ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ‘ਐਡਮਿਨ ਗਰਾਊਂਡ’ ਉੱਤੇ ਤਬਦੀਲ ਕੀਤਾ ਗਿਆ ਸੀ। ਪੁਲੀਸ ਉਸ ਨੂੰ ਦੁਪਹਿਰੇ ਗੁਰਦਾਸਪੁਰ ਜੇਲ੍ਹ ਲੈ ਕੇ ਆਈ। ਜਿਵੇਂ ਹੀ ਉਸ ਨੂੰ ਦਫ਼ਤਰ ’ਚ ਪੇਸ਼ ਕਰਨ ਲਈ ਲਿਆਂਦਾ ਗਿਆ ਤਾਂ ਉਸ ਨੇ ਹਮਲਾ ਕਰ ਦਿੱਤਾ।