ਤਿਰੂਵਨੰਤਪੁਰਮ, 21 ਸਤੰਬਰ
ਕੇਰਲਾ ਸਰਕਾਰ ਨਾਲ ਚੱਲ ਰਹੇ ਤਣਾਅ ਦਰਮਿਆਨ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਵਿਧਾਨ ਸਭਾ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਪੰਜ ਬਿੱਲਾਂ ਨੂੰ ਅੱਜ ਮਨਜ਼ੂਰੀ ਦੇ ਦਿੱਤੀ, ਜਦਕਿ ਲੋਕ ਆਯੁਕਤ (ਸੋਧ) ਬਿੱਲ ਸਣੇ ਵਿਵਾਦਿਤ ਬਿੱਲਾਂ ’ਤੇ ਦਸਤਖ਼ਤ ਨਹੀਂ ਕੀਤੇ। ਸੂਤਰਾਂ ਮੁਤਾਬਕ, ਰਾਜਪਾਲ ਆਰਿਫ਼ ਮੁਹੰਮਦ ਨੇ ‘ਗ਼ੈਰਵਿਵਾਦਿਤ’ ਬਿੱਲਾਂ ’ਤੇ ਦਸਤਖ਼ਤ ਕੀਤੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ, ਜਿਸ ਦਾ ਉਦੇਸ਼ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਰਾਜਪਾਲ ਦੀਆਂ ਸ਼ਕਤੀਆਂ ਸੀਮਤ ਕਰਨਾ ਹੈ। ਰਾਜ ਭਵਨ ਦੇ ਸੂਤਰਾਂ ਨੇ ਦੱਸਿਆ, ‘‘ਰਾਜਪਾਲ ਨੇ ਲੋਕਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਪੰਜ ਫਾਈਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।’’ ਉਨ੍ਹਾਂ ਅੱਜ ਸ਼ਾਮ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਬਿੱਲਾਂ ’ਤੇ ਸਹੀ ਪਾਈ। ਵਿਧਾਨ ਸਭਾ ਦੇ ਹਾਲ ਹੀ ਦੇ ਸੈਸ਼ਨ ਦੌਰਾਨ ਪਾਸ ਕੀਤੇ ਕੁੱਲ 11 ਬਿੱਲਾਂ ਨੂੰ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਗਿਆ ਸੀ। -ਪੀਟੀਆਈ